ਪੰਜਾਬ ਕਿੰਗਜ਼ (PK) ਦੀ ਟੀਮ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਮੇਜ਼ਬਾਨ ਚੇਨੱਈ ਸੁਪਰ ਕਿੰਗਜ਼ (CSK) ਦੀ ਟੀਮ ਨੂੰ 4 ਵਿਕਟਾਂ ਨਾਲ ਹਰਾ ਦਿੱਤਾ।
ਚੇਨਈ ਸੁਪਰ ਕਿੰਗਜ਼ ਆਈਪੀਐਲ 2025 ਤੋਂ ਬਾਹਰ ਹੋ ਗਈ। ਇਸ ਸੀਜ਼ਨ ਵਿੱਚ ਪਹਿਲਾਂ ਹੀ ਕਈ ਮੈਚ ਹਾਰ ਚੁੱਕੀ ਚੇਨਈ ਨੂੰ ਹੁਣ ਘਰੇਲੂ ਮੈਦਾਨ ‘ਤੇ ਲਗਾਤਾਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੁੱਧਵਾਰ, 30 ਅਪ੍ਰੈਲ ਨੂੰ ਚੇਪੌਕ ਵਿਖੇ ਖੇਡੇ ਗਏ ਮੈਚ ਵਿੱਚ, ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਕਿੰਗਜ਼ ਨੇ ਇੱਕ ਵਾਰ ਫਿਰ ਮੇਜ਼ਬਾਨ ਚੇਨਈ ਸੁਪਰ ਕਿੰਗਜ਼ ਨੂੰ ਇਸ ਮੈਦਾਨ ‘ਤੇ 4 ਵਿਕਟਾਂ ਨਾਲ ਹਰਾਇਆ। ਪੰਜਾਬ ਨੇ ਯੁਜਵੇਂਦਰ ਚਾਹਲ ਦੀ ਇਤਿਹਾਸਕ ਹੈਟ੍ਰਿਕ ਅਤੇ ਸ਼੍ਰੇਅਸ ਅਈਅਰ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਆਪਣੀ 6ਵੀਂ ਜਿੱਤ ਦਰਜ ਕੀਤੀ। ਇਸ ਸੀਜ਼ਨ ਵਿੱਚ ਆਪਣੀ 8ਵੀਂ ਹਾਰ ਦੇ ਨਾਲ, ਚੇਨਈ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ।
ਚੇਨੱਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.2 ਓਵਰਾਂ ਵਿਚ 190 ਦਾ ਸਕੋਰ ਬਣਾਇਆ ਸੀ। ਪੰਜਾਬ ਦੀ ਟੀਮ ਨੇ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਨੂੰ 19.4 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 194 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪੰਜਾਬ ਲਈ ਕਪਤਾਨ ਸ਼੍ਰੇਅਸ ਅੱਈਅਰ ਨੇ 41 ਗੇਂਦਾਂ ’ਤੇ 72 ਦੌੜਾਂ (5 ਚੌਕੇ ਤੇ 4 ਛੱਕੇ) ਤੇ ਪ੍ਰਭਸਿਮਰਨ ਸਿੰਘ ਨੇ 36 ਗੇਂਦਾਂ ’ਤੇ 54 ਦੌੜਾਂ (5 ਚੌਕੇ ਤੇ 3 ਛੱਕੇ) ਦੀ ਪਾਰੀ ਖੇਡੀ। ਹੋਰਨਾਂ ਬੱਲੇਬਾਜ਼ਾਂ ਵਿਚ ਪ੍ਰਿਯਾਂਸ਼ ਆਰੀਆ ਤੇ ਸ਼ਸ਼ਾਂਕ ਸਿੰਘ ਨੇ 23-23 ਦੌੜਾਂ ਦੀ ਪਾਰੀ ਖੇਡੀ। ਚੇਨਈ ਲਈ ਖਲੀਲ ਅਹਿਮਦ ਤੇ ਮਥੀਸ਼ਾ ਪਥੀਰਾਨਾ ਨੇ ਦੋ ਦੋ ਵਿਕਟਾਂ ਲਈਆਂ। ਰਵਿੰਦਰ ਜਡੇਜਾ ਤੇ ਨੂਰ ਅਹਿਮਦ ਨੇ ਇਕ ਇਕ ਵਿਕਟ ਲਈ। ਪੰਜਾਬ ਕਿੰਗਜ਼ ਦੀ ਟੀਮ ਇਸ ਜਿੱਤ ਨਾਲ ਪੁਆਇੰਟਸ ਟੇਬਲ ਵਿਚ 10 ਮੈਚਾਂ ਵਿਚ 13 ਅੰਕਾਂ ਨਾਲ ਦੂਜੇ ਸਥਾਨ ’ਤੇ ਪਹੁੰਚ ਗਈ ਹੈ।
ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਟੀਮ ਨੇ ਯੁਜ਼ਵੇਂਦਰ ਚਹਿਲ (32 ਦੌੜਾਂ ਬਦਲੇ ਚਾਰ ਵਿਕਟਾਂ) ਦੀ ਹੈਟ੍ਰਿਕ ਦੀ ਬਦੌਲਤ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ 19.2 ਓਵਰਾਂ ਵਿਚ 190 ਦੌੜਾਂ ’ਤੇ ਆਊਟ ਕਰ ਦਿੱਤਾ।