Khetibadi Punjab

ਲੈਂਡ ਪੂਲਿੰਗ ਨੀਤੀ ’ਤੇ ਬੋਲੇ ਚੀਮਾ – “ਕਿਸਾਨਾਂ ਨੂੰ ਨੀਤੀ ਪਸੰਦ ਨਹੀਂ, ਇਸ ਲਈ ਵਾਪਸ ਲਈ”

ਬਿਊਰੋ ਰਿਪੋਰਟ: ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਰੱਦ ਕਰਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਕਿਸਾਨ ਹਿਤੈਸ਼ੀ ਪਾਰਟੀ ਹੈ। ਪਾਰਟੀ ਕਿਸਾਨਾਂ ਲਈ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਸੀ, ਪਰ ਕਿਸਾਨਾਂ ਨੂੰ ਉਹ ਨੀਤੀ ਪਸੰਦ ਨਹੀਂ ਆਈ। ਇਸ ਲਈ ਅਸੀਂ ਨੀਤੀ ਵਾਪਸ ਲੈ ਲਈ ਹੈ।

ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਕ ਕਿਸਾਨ ਹਨ। ਪਿਛਲੇ ਤਿੰਨ ਸਾਲਾਂ ਵਿੱਚ, ਉਨ੍ਹਾਂ ਨੇ ਕਿਸਾਨਾਂ ਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਕੀਤਾ। ਜੋ ਬਿਜਲੀ ਪਹਿਲਾਂ ਰਾਤ ਨੂੰ ਅੱਠ ਘੰਟੇ ਆਉਂਦੀ ਸੀ, ਹੁਣ ਦਿਨ ਵੇਲੇ ਆ ਰਹੀ ਹੈ।

ਦੱਸ ਦੇਈਏ ਪੰਜਾਬ ਸਰਕਾਰ ਨੇ ਵਿਵਾਦਿਤ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 14 ਮਈ 2025 ਨੂੰ ਲਿਆਂਦੀ ਗਈ ਪੰਜਾਬ ਲੈਂਡ ਨੀਤੀ ਅਤੇ ਇਸ ਨਾਲ ਸਬੰਧਤ ਸੋਧਾਂ ਨੂੰ ਵਾਪਸ ਲਿਆ ਜਾ ਰਿਹਾ ਹੈ।