Punjab

ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਕਈ ਪਰਿਵਾਰਾਂ ਨੂੰ ਦਿੱਤੇ ਚੈੱਕ ਹੋਏ ਬਾਊਂਸ

Checks given to many families of farmers who were martyred during the movement have bounced

ਦਿੱਲੀ ਦੀਆਂ ਬਰੂਹਾਂ ‘ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿੱਢੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਗਏ ਵਿੱਤੀ ਸਹਾਇਤਾ ਦੇ ਚੈੱਕ ਬਾਊਂਸ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੇ ਵਫ਼ਦ ਨੇ ਇਹ ਮੁੱਦਾ ਅੱਜ ਇੱਥੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨਾਲ ਕੀਤੀ ਮੀਟਿੰਗ ਵਿੱਚ ਚੁੱਕਿਆ।

ਉਨ੍ਹਾਂ ਨੇ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਲਈ ਪਿਛਲੇ ਦਿਨੀਂ ਤਿਲੰਗਾਨਾ ਦੇ ਮੁੱਖ ਮੰਤਰੀ ਕੇਸੀ ਰਾਓ ਨੇ ਪ੍ਰਤੀ ਪਰਿਵਾਰ ਨੂੰ 3-3 ਲੱਖ ਰੁਪਏ ਦੇ ਚੈੱਕ ਦਿੱਤੇ ਸਨ ਪਰ ਕਈ ਕਿਸਾਨ ਪਰਿਵਾਰਾਂ ਦੇ ਚੈੱਕ ਬਾਊਂਸ ਹੋ ਗਏ ਹਨ, ਜਦੋਂਕਿ ਕਾਫ਼ੀ ਪਰਿਵਾਰਾਂ ਨੂੰ ਅਜੇ ਤੱਕ ਵਿੱਤੀ ਸਹਾਇਤਾ ਦੇ ਚੈੱਕ ਮਿਲੇ ਹੀ ਨਹੀਂ।

ਵਫ਼ਦ ਅਨੁਸਾਰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਖੇਤੀਬਾੜੀ ਡਾਇਰੈਕਟਰ ਨੇ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਅਧਿਕਾਰੀ ਨਾਲ ਟੈਲੀਫੋਨ ’ਤੇ ਜਾਣਕਾਰੀ ਸਾਂਝੀ ਕੀਤੀ ਅਤੇ ਮੌਕੇ ’ਤੇ ਹੀ ਸਾਰੇ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਲਿਖਤੀ ਹਦਾਇਤਾਂ ਦਿੱਤੀਆਂ ਕਿ ਚੈੱਕ ਬਾਊਂਸ ਹੋਣ ਸਬੰਧੀ ਰਿਪੋਰਟ ਹਫ਼ਤੇ ਅੰਦਰ ਮੁੱਖ ਦਫ਼ਤਰ ਮੁਹਾਲੀ ਵਿੱਚ ਭੇਜੀ ਜਾਵੇ।

ਬਹਿਰੂ ਨੇ ਦੱਸਿਆ ਕਿ ਅੱਜ ਡਾਇਰੈਕਟਰ ਨਾਲ ਮੀਟਿੰਗ ਦੌਰਾਨ ਇੱਕ ਭ੍ਰਿਸ਼ਟ ਅਧਿਕਾਰੀ ਵਿਰੁੱਧ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਬਾਰੇ ਡਾਇਰੈਕਟਰ ਨੇ ਨਿਰਪੱਖ ਜਾਂਚ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਬੋਸਰ, ਮੀਤ ਪ੍ਰਧਾਨ ਸੇਵਾ ਸਿੰਘ ਪਨੋਦੀਆਂ ਵੀ ਮੌਜੂਦ ਸਨ।