India Punjab

ਬਾਹਮਣਾਂ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ, ਛੱਤੀਸਗੜ੍ਹ ਦੇ ਮੁੱਖਮੰਤਰੀ ਦਾ ਪਿਓ ਗ੍ਰਿਫਤਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਛੱਤੀਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪਿਤਾ ਨੰਦਕੁਮਾਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ 86 ਸਾਲ ਦੇ ਨੰਦਕੁਮਾਰ ਉੱਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਬਾਹਮਣਾਂ ਦੇ ਖਿਲਾਫ ਮਾੜੇ ਸ਼ਬਦ ਵਰਤੇ ਹਨ।ਉਨ੍ਹਾਂ ਦੇ ਖਿਲਾਫ ਰਾਇਪੁਰ ਦੇ ਇਕ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਨੰਦ ਕੁਮਾਰ ਨੇ ਕਿਹਾ ਸੀ ਕਿ ਮੇਰੀ ਆਹਮਣੇ ਸਾਹਮਣੇ ਦੀ ਲੜਾਈ ਹੈ। ਅਸੀਂ ਜਮਾਨਤ ਨਹੀਂ ਲੈਣਾ ਚਾਹੁੰਦੇ ਤੇ ਜੇਲ੍ਹ ਤੋਂ ਵੀ ਨਹੀਂ ਡਰਦੇ।


ਨੰਦ ਕੁਮਾਰ ਦੇ ਖਿਲਾਫ ਥਾਰਾ 505 ਤੇ 153-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਖਿਲਾਫ ਭਾਈਚਾਰੇ ਵਿਚਾਲੇ ਦੁਸ਼ਮਣੀ, ਘ੍ਰਿਣਾ ਤੇ ਸਮਾਜਿਕ ਤਣਾਅ ਵਧਾਉਣ ਦੇ ਦੋਸ਼ ਲੱਗੇ ਹਨ। ਪਿਤਾ ਦੇ ਖਿਲਾਫ ਮਾਮਲਾ ਦਰਜ ਹੋਣ ‘ਤੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਸੀ ਕਿ ਸਾਡੇ ਰਾਜਨੀਤਕ ਵਿਚਾਰ ਤੇ ਮਾਨਤਾਵਾਂ ਬਹੁਤ ਭਿੰਨ ਹਨ।

ਉਨ੍ਹਾਂ ਕਿਹਾ ਸੀ ਕਿ ਇਕ ਪੁੱਤਰ ਦੇ ਰੂਪ ਵਿੱਚ ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ, ਪਰ ਇੱਕ ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੀ ਅਜਿਹੀ ਕੋਈ ਗਲਤੀ ਮਾਫ ਨਹੀਂ ਕਰ ਸਕਦਾ ਜੋ ਜਨਤਕ ਪ੍ਰਬੰਧ ਨੂੰ ਵਿਗਾੜਦੀ ਹੋਵੇ। ਮੇਰੀ ਸਰਕਾਰ ਵਿੱਚ ਕਾਨੂੰਨ ਤੋਂ ਉੱਪਰ ਕੋਈ ਨਹੀਂ, ਫਿਰ ਬੇਸ਼ੱਕ ਮੇਰਾ 86 ਸਾਲ ਦਾ ਪਿਓ ਹੀ ਕਿਉਂ ਨਾ ਹੋਵੇ।