‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕੱਲ੍ਹ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ ਕਿਸਾਨਾਂ ‘ਤੇ ਪੰਜ ਵਾਰ ਲਾਠੀਚਾਰਜ ਕੀਤਾ ਗਿਆ, ਉਨ੍ਹਾਂ ਦੇ ਸਿਰ ਪਾੜੇ ਗਏ, ਹੱਡੀਆਂ ਤੋੜੀਆਂ ਗਈਆਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜਿੱਥੇ ਪ੍ਰੋਗਰਾਮ ਸੀ, ਉਸ ਤੋਂ 15 ਕਿਲੋਮੀਟਰ ਦੂਰ ਇਹ ਲਾਠੀਚਾਰਜ ਹੋਇਆ। ਹਾਲਾਂਕਿ, ਕਿਸਾਨਾਂ ਨੇ ਉੱਥੇ ਕੁੱਝ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਸੀ ਜਿਸ ਕਰਕੇ ਪੁਲਿਸ ਨੂੰ ਲਾਠੀਚਾਰਜ ਕਰਨਾ ਪੈ ਜਾਵੇ, ਕਿਸਾਨਾਂ ਦਾ ਇੰਨਾ ਬੁਰਾ ਹਾਲ ਕਰਨਾ ਪਵੇ। ਇੱਕ-ਇੱਕ ਕਿਸਾਨ ਨੂੰ 50-50 ਲਾਠੀਆਂ ਮਾਰੀਆਂ ਗਈਆਂ ਹਨ। ਕਈ ਕਿਸਾਨ ਬੇਹੋਸ਼ ਹੋਏ, ਮੌਕੇ ‘ਤੇ ਕਈ ਗੱਡੀਆਂ ਤੋੜੀਆਂ ਗਈਆਂ। ਕੱਲ੍ਹ ਦਾ ਜੋ ਪ੍ਰੋਗਰਾਮ ਸੀ, ਉਹ ਸਰਕਾਰ ਨੇ ਕਿਸਾਨਾਂ ਤੋਂ ਬਦਲਾ ਲੈਣ ਲਈ ਕੀਤਾ ਸੀ ਕਿ ਕਿਸਾਨਾਂ ਨੂੰ ਕੁੱਟ-ਕੁੱਟ ਕੇ ਸਿੱਧਾ ਕਰਨਾ ਹੈ। ਇਹ ਉਹ ਘਟਨਾ ਨਹੀਂ ਹੈ ਕਿ ਮਜ਼ਬੂਰੀ ਵਿੱਚ ਲਾਠੀਚਾਰਜ ਕਰਨਾ ਪੈ ਗਿਆ, ਇਹ ਸਿਰਫ਼ ਕਿਸਾਨਾਂ ਨੂੰ ਪਿੱਟਣ ਲਈ ਕੰਮ ਕੀਤਾ ਗਿਆ ਹੈ।
ਚੜੂਨੀ ਨੇ ਕਿਹਾ ਕਿ ਕਰਨਾਲ ਦਾ ਐੱਸਡੀਐੱਮ ਕਿਸਾਨਾਂ ਦੇ ਸਿਰ ‘ਤੇ ਮਾਰਨ ਦਾ ਹੁਕਮ ਦੇ ਰਿਹਾ ਹੈ ਅਤੇ ਉੱਥੇ ਕੁੱਝ ਪੁਲਿਸ ਵਾਲੇ ਉਹ ਲੋਕ ਵੀ ਸ਼ਾਮਿਲ ਸਨ ਜੋ ਕਿਸਾਨਾਂ ਨਾਲ ਖ਼ਾਸ ਤੌਰ ‘ਤੇ ਕੋਈ ਰੰਜਿਸ਼ ਰੱਖਦੇ ਹਨ, ਜਿਨ੍ਹਾਂ ਵਿੱਚ ਐੱਸਡੀਐੱਮ ਆਯੂਸ਼ ਸਿਨਹਾ, ਜਿਸਨੇ ਸਿਰ ‘ਤੇ ਲਾਠੀ ਮਾਰਨ ਦਾ ਹੁਕਮ ਦਿੱਤਾ ਸੀ, ਜੋ ਕਿ ਗੈਰ-ਕਾਨੂੰਨੀ ਹੈ, ਇੰਸਪੈਕਟਰ ਹਰਜਿੰਦਰ ਸਿੰਘ, ਸਿਪਾਹੀ ਕੁਲਬੀਰ ਸਿੰਘ, ਏਐੱਸਆਈ ਗੁਰਜੀਤ ਸਿੰਘ ਸ਼ਾਮਿਲ ਹਨ, ਜਿਨ੍ਹਾਂ ਨੇ ਕਿਸਾਨਾਂ ‘ਤੇ ਕਿਸੇ ਵਿਸ਼ੇਸ਼ ਰੰਜਿਸ਼ ਕਰਕੇ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ ਹੈ। ਚੜੂਨੇ ਨੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਇਨ੍ਹਾਂ ਅਧਿਕਾਰੀਆਂ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਚੜੂਨੀ ਨੇ ਐੱਸਡੀਐੱਮ ਦੇ ਖ਼ਿਲਾਫ਼ ਵਿਸ਼ੇਸ਼ ਤੌਰ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਕੱਲ੍ਹ ਜੋ ਘਟਨਾ ਹੋਈ ਹੈ, ਇਹ ਪਹਿਲਾਂ ਤੋਂ ਹੀ ਪਲੈਨ ਕੀਤੀ ਹੋਈ ਸੀ, ਜਿਸਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੜੂਨੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੱਲ੍ਹ ਅਸੀਂ ਇਸ ਮਾਮਲੇ ‘ਤੇ ਮੀਟਿੰਗ ਕਰਾਂਗੇ ਅਤੇ ਸਰਕਾਰ ਕੱਲ੍ਹ ਦੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਲਾਠੀਚਾਰਜ ਕਰਨ ਵਾਲਿਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰੇ ਨਹੀਂ ਤਾਂ ਫਿਰ ਕੱਲ੍ਹ ਦੀ ਮੀਟਿੰਗ ਵਿੱਚ ਕੋਈ ਵੱਡਾ ਫ਼ੈਸਲਾ ਲਿਆ ਜਾਵੇਗਾ।