The Khalas Tv Blog Punjab ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਚਾਰਟਰਡ ਅਕਾਊਂਟੈਂਟ (CA ) ਗ੍ਰਿਫਤਾਰ
Punjab

ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਚਾਰਟਰਡ ਅਕਾਊਂਟੈਂਟ (CA ) ਗ੍ਰਿਫਤਾਰ

Chartered Accountant (CA) arrested on charges of taking bribe by vigilance

ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਚਾਰਟਰਡ ਅਕਾਊਂਟੈਂਟ (CA ) ਗ੍ਰਿਫਤਾਰ

ਚੰਡੀਗੜ੍ਹ ਵਿਖੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਂ ‘ਤੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) ਅੰਕੁਸ਼ ਸਰੀਨ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਹੈ।

ਇਸ ਗ੍ਰਿਫਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਈਵੇਟ ਤੌਰ ’ਤੇ ਪ੍ਰੈਕਟਿਸ ਕਰ ਰਹੇ ਇਸ ਸੀ.ਏ. ਖਿਲਾਫ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਸਿੱਧੂ ਵਾਸੀ ਪਿੰਡ ਮਲਸੀਆਂ, ਜ਼ਿਲ੍ਹਾ ਲੁਧਿਆਣਾ ਨੇ ਇਲਜ਼ਾਮ ਲਾਇਆ ਹੈ ਕਿ ਇਸ ਸੀ.ਏ. ਨੇ ਅਮਰੀਕਾ ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਨੂੰ ਆਮਦਨ ਕਰ ਰਿਟਰਨ ਦੇ ਸਬੰਧ ਵਿੱਚ ਜਾਰੀ ਕੀਤੇ ਇੱਕ ਨੋਟਿਸ ਨੂੰ ਰਫ਼ਾ-ਦਫ਼ਾ ਕਰਨ ਦੇ ਬਦਲੇ ’ਚ ਆਮਦਨ ਕਰ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਵਜੋਂ ਦੋ ਕਿਸ਼ਤਾਂ ਵਿੱਚ 26 ਲੱਖ ਰੁਪਏ ਵਸੂਲੇ ਸਨ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸ ਨੇ 15-01-2023 ਨੂੰ 25 ਲੱਖ ਰੁਪਏ ਨਕਦ ਇਸ ਸੀ.ਏ. ਨੂੰ ਉਸ ਦੀ ਰਿਹਾਇਸ਼ ’ਤੇ ਸੌਂਪੇ ਸਨ ਅਤੇ ਵੀਡੀਓ ਵੀ ਬਣਾਈ ਸੀ। ਇਸ ਤੋਂ ਬਾਅਦ ਸੀ.ਏ. ਅੰਕੁਸ਼ ਸਰੀਨ ਨੇ 26-01-2023 ਨੂੰ ਸ਼ਿਕਾਇਤਕਰਤਾ ਤੋਂ ਆਮਦਨ ਕਰ ਵਿਭਾਗ ਦੇ ਜੂਨੀਅਰ ਅਧਿਕਾਰੀਆਂ ਲਈ 1 ਲੱਖ ਰੁਪਏ ਹੋਰ ਲੈ ਲਏ ਸਨ।
ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਤੋਂ ਪੁੱਛਗਿੱਛ ਦੌਰਾਨ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਵਿਭਾਗ ਵੱਲੋਂ ਇਹ ਨੋਟਿਸ ਹਾਲੇ ਵੀ ਬਰਕਰਾਰ ਹੈ ਅਤੇ ਰੱਦ ਨਹੀਂ ਕੀਤਾ ਗਿਆ।

ਇਸ ਤਰ੍ਹਾਂ ਸ਼ਿਕਾਇਤਕਰਤਾ ਨੂੰ ਇਹ ਪਤਾ ਲੱਗ ਗਿਆ ਕਿ ਇਸ ਸੀ.ਏ. ਨੇ ਆਦਮਨ ਕਰ ਅਧਿਕਾਰੀਆਂ ਦੇ ਨਾਂ ’ਤੇ ਭਾਰੀ ਜ਼ੁਰਮਾਨਾ ਲੱਗਣ ਬਾਰੇ ਡਰਾ ਕੇ ਇਹ ਰਿਸ਼ਵਤ ਵਸੂਲੀ ਹੈ, ਜੋ ਉਸ ਨੇ ਕਿਸੇ ਨੂੰ ਵੀ ਅੱਗੇ ਨਹੀਂ ਦਿੱਤੀ। ਫਿਰ ਸ਼ਿਕਾਇਤਕਰਤਾ ਨੇ ਇਸ ਸੀ.ਏ. ਨੂੰ ਉਸ ਦੇ ਪੈਸੇ ਵਾਪਸ ਕਰਨ ਲਈ ਕਿਹਾ ਕਿਉਂਕਿ ਉਸ ਦਾ ਕੰਮ ਨਹੀਂ ਸੀ ਹੋਇਆ ਪਰ ਸੀ.ਏ. ਨੇ ਇਹ ਪੈਸੇ ਵਾਪਸ ਨਹੀਂ ਕੀਤੇ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਲੁਧਿਆਣਾ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਭਾਰੀ ਜੁਰਮਾਨੇ ਦਾ ਡਰਾਵਾ ਦੇ ਕੇ ਰਿਸ਼ਵਤ ਦੀ ਰਕਮ ਵਸੂਲਣ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇਸ ਸੀ.ਏ. ਵਿਰੁੱਧ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Exit mobile version