ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਜਲੰਧਰ स्थित ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਚਾਰ ਆਰੋਪੀਆਂ ਵਿਰੁੱਧ ਚਾਰਜ਼ਸ਼ੀਟ ਦਾਇਰ ਕੀਤੀ ਹੈ। ਇਹ ਹਮਲਾ 7 ਅਪ੍ਰੈਲ 2025 ਦੀ ਰਾਤ ਨੂੰ ਹੋਇਆ ਸੀ, ਜਿਸ ਵਿੱਚ ਖਿੜਕੀਆਂ ਟੁੱਟ ਗਈਆਂ ਅਤੇ ਇੱਕ ਗੱਡੀ ਨੂੰ ਨੁਕਸਾਨ ਪਹੁੰਚਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੁਝ ਦਿਨਾਂ ਬਾਅਦ, 12 ਅਪ੍ਰੈਲ ਨੂੰ ਐੱਨਆਈਏ ਨੇ ਜਾਂਚ ਆਪਣੇ ਹੱਥਾਂ ਵਿੱਚ ਲਈ। ਚਾਰਜ਼ਸ਼ੀਟ 5 ਅਕਤੂਬਰ 2025 ਨੂੰ ਦਾਇਰ ਕੀਤੀ ਗਈ।ਗ੍ਰਿਫ਼ਤਾਰ ਆਰੋਪੀਆਂ ਵਿੱਚ ਸੈਦੁਲ ਅਮੀਨ (ਅਮਰੋਹਾ, ਉੱਤਰ ਪ੍ਰਦੇਸ਼) ਅਤੇ ਅਭਿਜੋਤ ਜਾਂਗੜਾ (ਕੁਰੂਕਸ਼ੇਤਰ, ਹਰਿਆਣਾ) ਸ਼ਾਮਲ ਹਨ। ਸੈਦੁਲ ਨੇ ਉਸ ਰਾਤ ਗ੍ਰਨੇਡ ਸੁੱਟਿਆ ਸੀ।
ਜਦਕਿ ਦੋ ਆਰੋਪੀ ਕੁਲਬੀਰ ਸਿੰਘ ਸਿੱਧੂ (ਯਮੁਨਾਨਗਰ, ਹਰਿਆਣਾ) ਅਤੇ ਮਨੀਸ਼ ਉਰਫ਼ ਕਾਕਾ ਰਾਣਾ (ਕਰਨਾਲ, ਹਰਿਆਣਾ) ਅਜੇ ਫ਼ਰਾਰ ਹਨ। ਕੁਲਬੀਰ, ਜੋ (ਬੀਕੇਆਈ) ਦਾ ਕਾਰਕੁਨ ਹੈ, ਇਸ ਨੂੰ ਜਰਮਨੀ ਵਿੱਚ ਲੁਕੇ ਹੋਏ ਹਨ। ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਹੈ ਅਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਉਸ ਨੂੰ ਪਹਿਲਾਂ ਅਪ੍ਰੈਲ 2024 ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਵਿਕਾਸ ਪ੍ਰਭਾਕਰ ਹੱਤਿਆ ਕੇਸ ਵਿੱਚ ਵੀ ਚਾਰਜ਼ਸ਼ੀਟ ਕੀਤਾ ਗਿਆ ਹੈ।
ਐੱਨਆਈਏ ਜਾਂਚ ਅਨੁਸਾਰ, ਇਹ ਹਮਲਾ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਸੀ। ਕੁਲਬੀਰ ਨੇ ਮਨੀਸ਼ ਨਾਲ ਮਿਲ ਕੇ ਬੀਕੇਆਈ ਲਈ ਅੱਤਵਾਦੀ ਗਰੋਹ ਬਣਾਇਆ, ਜਿਸਦਾ ਮਕਸਦ ਪੰਜਾਬ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਆਮ ਲੋਕਾਂ ਵਿੱਚ ਡਰ ਪੈਦਾ ਕਰਕੇ ਜਬਰਨ ਵਸੂਲੀ ਰਾਹੀਂ ਫੰਡ ਇਕੱਠਾ ਕਰਨਾ ਸੀ। ਮਨੀਸ਼ ਨੇ ਸੈਦੁਲ ਨੂੰ ਭਰਤੀ ਕੀਤਾ, ਜਿਸ ਨੂੰ ਕੁਲਬੀਰ ਨੇ ਗ੍ਰਨੇਡ ਮੁਹੱਈਆ ਕਰਵਾਇਆ। ਅਭਿਜੋਤ ਨੇ ਹਮਲੇ ਲਈ ਫੰਡ ਪ੍ਰਦਾਨ ਕੀਤੇ। ਹਮਲੇ ਤੋਂ ਬਾਅਦ ਕੁਲਬੀਰ ਨੇ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲਈ।
ਜ਼ਿਕਰਯੋਗ ਹੈ ਕਿ 7 ਅਪ੍ਰੈਲ 2025 ਦੀ ਰਾਤ ਨੂੰ ਜਲੰਧਰ ’ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਗ੍ਰਨੇਡ ਸੁੱਟਿਆ ਗਿਆ ਸੀ। ਧਮਾਕਾ ਦੇਰ ਰਾਤ ਹੋਇਆ ਜਦਕਿ ਇਸ ’ਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ। ਹਮਲੇ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ ਸੀ। ਪੰਜਾਬ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਮਾਮਲਾ ਅੱਤਵਾਦੀ ਸਾਜ਼ਿਸ਼ ਨਾਲ ਜੁੜਿਆ ਪਾਇਆ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਐਨ.ਆਈ.ਏ. ਨੂੰ ਸੌਂਪ ਦਿਤਾ ਗਿਆ ਸੀ।