ਬਿਉਰੋ ਰਿਪੋਰਟ: ਚੰਡੀਗੜ੍ਹ ਸੈਕਟਰ-10 ਸਥਿਤ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਗੋਲ਼ੀਬਾਰੀ ਕਰਨ ਦੇ ਮਾਮਲੇ ਵਿੱਚ ਗੋਲਡੀ ਬਰਾੜ ਗਰੋਹ ਦੇ 8 ਮੈਂਬਰਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ ਹਨ। ਜ਼ਿਲ੍ਹਾ ਅਦਾਲਤ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਅਤੇ ਅਸਲਾ ਐਕਟ ਤਹਿਤ ਦੋਸ਼ ਆਇਦ ਕੀਤੇ ਜਿਸ ਦੇ ਤਹਿਤ ਹੁਣ ਗੁਰਵਿੰਦਰ ਸਿੰਘ ਉਰਫ਼ ਲੋਡੀ, ਕਾਸ਼ੀ ਸਿੰਘ ਉਰਫ਼ ਹੈਰੀ, ਸ਼ੁਭਮ ਕੁਮਾਰ ਗਿਰੀ ਉਰਫ਼ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਉਰਫ਼ ਸਰਬੂ ਅਤੇ ਗਗਨਦੀਪ ਸਿੰਘ ਗੋਲਡੀ ਖ਼ਿਲਾਫ਼ ਕੇਸ ਚੱਲੇਗਾ।
ਇਸ ਮਾਮਲੇ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਅਜੇ ਫਰਾਰ ਹਨ ਅਤੇ ਉਨ੍ਹਾਂ ਖ਼ਿਲਾਫ਼ 10-10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। NIA ਨੇ ਜੂਨ 2024 ’ਚ ਇਨ੍ਹਾਂ ’ਤੇ ਇਨਾਮ ਦਾ ਐਲਾਨ ਕੀਤਾ ਸੀ।
3 ਕਰੋੜ ਦੀ ਫਿਰੌਤੀ ਨਾ ਦੇਣ ’ਤੇ ਕੀਤੀ ਸੀ ਗੋਲ਼ੀਬਾਰੀ
ਇਹ ਮਾਮਲਾ 19 ਜਨਵਰੀ 2024 ਦਾ ਹੈ, ਜਦੋਂ ਅੱਤਵਾਦੀ ਗੋਲਡੀ ਬਰਾੜ ਨੇ ਸੈਕਟਰ-10 ਦੇ ਰਹਿਣ ਵਾਲੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਤੋਂ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਮੱਕੜ ਨੇ ਇਨਕਾਰ ਕੀਤਾ ਤਾਂ ਗੋਲਡੀ ਬਰਾੜ ਨੇ ਆਪਣੇ ਸਾਥੀ ਭੇਜ ਕੇ ਮੱਕੜ ਦੇ ਘਰ ’ਤੇ ਗੋਲ਼ੀਆਂ ਚਲਵਾ ਦਿੱਤੀਆਂ।
ਇਸ ਗੋਲ਼ੀਬਾਰੀ ’ਚ 5 ਗੋਲ਼ੀਆਂ ਚਲਾਈਆਂ ਗਈਆਂ, ਜੋ ਕਾਰੋਬਾਰੀ ਦੀ ਕਾਰ ਨੂੰ ਲੱਗੀਆਂ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਗੋਲ਼ਾਬਾਰੀ ਦੀ ਘਟਨਾ ਤੋਂ ਬਾਅਦ ਸੈਕਟਰ-3 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
NIA ਨੇ ਆਪਣੇ ਹੱਥਾਂ ’ਚ ਲਿਆ ਮਾਮਲਾ, ਖੋਲ੍ਹੇ ਕਈ ਰਾਜ਼
ਗੋਲ਼ੀਬਾਰੀ ਤੋਂ ਬਾਅਦ ਗੋਲਡੀ ਬਰਾੜ ਦੇ ਨੈੱਟਵਰਕ ਦਾ ਪਰਦਾਫਾਸ਼ ਹੋਣ ’ਤੇ NIA ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 8 ਮਾਰਚ ਨੂੰ NIA ਨੇ ਨਵੀਂ FIA ਦਰਜ ਕਰ ਲਈ ਅਤੇ ਮਾਮਲਾ ਆਪਣੇ ਹੱਥਾਂ ’ਚ ਲੈ ਲਿਆ। ਇਸ ਤੋਂ ਬਾਅਦ ਗੋਲਡੀ ਬਰਾੜ ਦੇ ਕੁਝ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਪੰਜਾਬ, ਚੰਡੀਗੜ੍ਹ ਅਤੇ ਹੋਰ ਰਾਜਾਂ ਵਿੱਚ ਫਿਰੌਤੀ ਅਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਅਪਰਾਧ ਕਰ ਰਿਹਾ ਸੀ ਅਤੇ ਸਾਰਾ ਨੈੱਟਵਰਕ ਵਿਦੇਸ਼ ਤੋਂ ਚਲਾ ਰਿਹਾ ਸੀ। ਗੋਲਡੀ ਬਰਾੜ ਦਾ ਗਰੋਹ ਹਥਿਆਰਾਂ ਦੇ ਵਪਾਰ ਅਤੇ ਨਸ਼ਾ ਤਸਕਰੀ ਵਿੱਚ ਵੀ ਸ਼ਾਮਲ ਹੈ, ਜਿਸ ਦਾ ਪੰਜਾਬ ਪੁਲਿਸ ਨੇ ਵੀ ਪਰਦਾਫਾਸ਼ ਕੀਤਾ ਹੈ।