‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਕਈ ਅਹਿਮ ਐਲਾਨ ਕੀਤੇ ਹਨ। ਚੰਨੀ ਨੇ ਲਾਲ ਡੋਰੇ ਦੇ ਅੰਦਰ ਆਉਣ ਵਾਲੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦਾ ਦਾਅਵਾ ਕੀਤਾ ਹੈ। ਇਸ ਸਕੀਮ ਅਧੀਨ ਪਿੰਡਾਂ ਅਤੇ ਸ਼ਹਿਰਾਂ ਦੇ ਲਾਲ ਲਕੀਰ ਦੇ ਅੰਦਰ ਆਉਣ ਵਾਲੀ ਸਾਰੀ ਜ਼ਮੀਨ ਦੇ ਮਾਲਕਾਨਾ ਹੱਕ ਉਸ ਜ਼ਮੀਨ ਵਿੱਚ ਰਹਿਣ ਵਾਲਿਆਂ ਨੂੰ ਦਿੱਤੇ ਜਾਣਗੇ ਅਤੇ ਇਸ ਦੀ ਸਾਰੀ ਫੀਸ ਵੀ ਸਰਕਾਰ ਭਰੇਗੀ। ਪਿੰਡਾਂ ਅਤੇ ਸ਼ਹਿਰਾਂ ਦੇ ਲਾਲ ਡੋਰੇ ਦੇ ਅੰਦਰ ਜਿੰਨੇ ਵੀ ਘਰ, ਪਿੰਡ ਦੀ ਪੁਰਾਣੀ ਆਬਾਦੀ ਹੈ, ਉਹ ਜਿਹੜਾ ਜਿੱਥੇ ਬੈਠਾ ਹੈ, ਅਸੀਂ ਜ਼ਮੀਨ ਉਸਦੇ ਨਾਮ ਕਰਾਂਗੇ। ਪਹਿਲਾਂ ਵੀ ਇਹ ਸਕੀਮ ਆਈ ਸੀ ਪਰ ਉਹ ਚੱਲੀ ਨਹੀਂ ਜਾਂ ਚਲਾਈ ਨਹੀਂ ਗਈ ਅਤੇ ਪਹਿਲਾਂ ਇਹ ਸਕੀਮ ਪਿੰਡਾਂ ਤੱਕ ਹੀ ਸੀਮਤ ਸੀ, ਹੁਣ ਅਸੀਂ ਇਸਨੂੰ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ। ਇਸ ਸਕੀਮ ਦਾ ਨਾਂ ‘ਮੇਰਾ ਘਰ ਮੇਰੇ ਨਾਮ’ ਰੱਖਿਆ ਹੈ। ਇਸ ‘ਤੇ ਪੈਸਾ ਕੋਈ ਨਹੀਂ ਲੱਗਣਾ। ਡਰੋਨ ਦੇ ਨਾਲ ਅਸੀਂ ਉਨ੍ਹਾਂ ਦਾ ਨਕਸ਼ਾ ਤਿਆਰ ਕਰ ਦੇਣਾ ਹੈ, ਨਕਸ਼ਾ ਤਿਆਰ ਕਰਕੇ ਉਨ੍ਹਾਂ ਦੀ ਰਜਿਸਟਰੀ ਕੀਤੀ ਜਾਵੇਗੀ। ਜੇ ਸਾਡੇ ਬਣਾਏ ਹੋਏ ਨਕਸ਼ੇ ਵਿੱਚ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ 15 ਦਿਨਾਂ ਦੇ ਅੰਦਰ ਆਪਣੀ ਦਰਖ਼ਾਸਤ ਦੇ ਸਕਦਾ ਹੈ। ਜੇਕਰ 15 ਦਿਨਾਂ ਵਿੱਚ ਕੋਈ ਸ਼ਿਕਾਇਤ ਜਾਂ ਇਤਰਾਜ਼ ਨਹੀਂ ਆਉਂਦੀ ਤਾਂ ਅਸੀਂ ਅਗਲੇ ਦਿਨ ਅਸੀਂ ਆਪਣੀ ਪ੍ਰਕਿਰਿਆ ਸ਼ੁਰੂ ਕਰ ਦਿਆਂਗੇ। ਪੰਚਾਇਤੀ ਜ਼ਮੀਨਾਂ ਲਾਲ ਡੋਰੇ ਤੋਂ ਬਾਹਰ ਹਨ।
ਐੱਨਆਰਆਈ ਲੋਕਾਂ ਦੀਆਂ ਜ਼ਮੀਨਾਂ ਦੀ ਰਖਵਾਲੀ ਵਾਸਤੇ ਅਸੀਂ ਬਹੁਤ ਛੇਤੀ ਇੱਕ ਐਕਟ ਲੈ ਕੇ ਆ ਰਹੇ ਹਾਂ। ਐੱਨਆਰਆਈ ਦੀ ਪ੍ਰਾਪਰਟੀ ਦਾ ਗਿਰਦਾਵਰੀ ਫਰਦ ਵਿੱਚ ਨਾਂ ਚੜਾਇਆ ਜਾਵੇਗਾ, ਕਿਸੇ ਵੀ ਐੱਨਆਰਆਈ ਦੀ ਪ੍ਰਾਪਰਟੀ ਨੂੰ ਛੇੜਿਆ ਨਹੀਂ ਜਾ ਸਕੇਗਾ।
ਪਿੰਡ ਵਿੱਚ ਜੇ ਐੱਨਆਰਆਈ ਦਾ ਘਰ ਹੈ ਤਾਂ ਉਹ ਵੀ ਅਸੀਂ ਬਾਹਰਲੇ ਦੇਸ਼ਾਂ ਵਿੱਚ ਮੇਰਾ ਘਰ ਮੇਰੇ ਨਾਮ ਸਕੀਮ ਦੀ ਇੱਕ ਐਡ ਭੇਜ ਰਹੇ ਹਾਂ ਕਿ ਸਕੀਮ ਤਹਿਤ ਅਸੀਂ ਸਰਟੀਫਿਕੇਟ ਬਣਾਉਣੇ ਹਨ, ਤੁਹਾਨੂੰ ਜੇ ਕੋਈ ਸ਼ਿਕਾਇਤ ਜਾਂ ਇਤਰਾਜ਼ ਹੈ ਤਾਂ 15 ਦਿਨਾਂ ਵਿੱਚ ਦਰਜ ਕਰਵਾਉ ਪਰ ਐੱਨਆਰਆਈਜ਼ ਨੂੰ ਇਸ ਤੋਂ ਜ਼ਿਆਦਾ ਸਮਾਂ ਦੇਵਾਂਗੇ।
ਪਿੰਡਾਂ ਦੇ ਵਿੱਚ ਬਿਜਲੀ ਦੇ ਦੋ ਕਿਲੋਵਾਟ ਤੱਕ ਦੇ ਬਿੱਲ ਮੁਆਫ਼ ਕੀਤੇ ਗਏ ਹਨ। 2 ਕਿਲੋਵਾਟ ਤੱਕ ਜਿਸ ਕਿਸੇ ਦਾ ਵੀ, ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ, ਉਸਦਾ ਕੁਨੈਕਸ਼ਨ ਹੈ, ਸਭ ਦੇ ਬਕਾਏ ਮੁਆਫ਼ ਹੋਏ ਹਨ। 72 ਲੱਖ ਪਰਿਵਾਰਾਂ ਵਿੱਚੋਂ 52 ਲੱਖ ਪਰਿਵਾਰਾਂ ਨੂੰ ਇਹ ਲਾਭ ਮਿਲਣਾ ਹੈ। ਬਿਜਲੀ ਮੁਆਫ਼ੀ ਲਈ ਇੱਕ ਫਾਰਮ ਤਿਆਰ ਹੋ ਗਿਆ ਹੈ, ਜਿਸਨੂੰ ਦੋ ਕਿਲੋਵਾਟ ਤੱਕ ਦੇ ਲੋਕ ਭਰਨਗੇ, ਜਿਨ੍ਹਾਂ ਦਾ ਬਕਾਇਆ ਮੁਆਫ਼ ਹੋਣਾ ਹੈ, ਜੋ ਪਿਛਲੇ ਬਿੱਲ ਵਿੱਚ ਆਇਆ ਹੈ। ਚੰਨੀ ਨੇ ਕਿਹਾ ਕਿ ਮੈਨੂੰ ਨੌਕਰਸ਼ਾਹੀ ਤੋਂ ਕੰਮ ਲੈਣਾ ਆਉਂਦਾ ਹੈ। ਅਸੀਂ ਪੰਜਾਬ ਵਿੱਚ ਬਲੈਕਆਊਟ ਨਹੀਂ ਹੋਣ ਦਿਆਂਗੇ। ਪੰਜਾਬ ਸਰਕਾਰ ਵੱਲੋਂ ਇੱਕ ਵੀ ਕੱਟ ਨਹੀਂ ਲੱਗੇਗਾ, ਜੇਕਰ ਕੱਟ ਲੱਗਦੇ ਹਨ ਤਾਂ ਅਸੀਂ ਕੋਲਾ ਭਰਪਾਈ ਵਾਸਤੇ ਕੇਂਦਰ ਸਰਕਾਰ ਨੂੰ ਕਹਾਂਗੇ।
ਚੰਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਆਪਣੇ ਪੁੱਤਰ ਦੇ ਵਿਆਹ ਵਿੱਚ ਆਉਣ ‘ਤੇ ਧੰਨਵਾਦ ਕੀਤਾ। ਜਥੇਦਾਰ ਨੇ ਅਰਦਾਸ ਕਰਨ ਉਪਰੰਤ ਜੋੜੀ ਨੂੰ ਅਸ਼ੀਰਵਾਦ ਵੀ ਦਿੱਤਾ। ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ ਕਿ ਮੇਰੇ ਗਰੀਬ ਦੇ ਘਰ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੇ ਅਰਦਾਸ ਕੀਤੀ। ਜਿਨ੍ਹਾਂ ਨੇ ਵੀ ਮੈਨੂੰ ਵਧਾਈ ਦਿੱਤੀ, ਉਨ੍ਹਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ।