‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿਨਾਂ ਵਿੱਚ ਹੀ ਲੋਕਾਂ ਦੇ ਦਿਲਾਂ ‘ਚ ਉਤਰ ਗਏ ਹਨ। ਪੰਜਾਬੀ ਚੰਨੀ ਨੂੰ ਸੂਬੇ ਦੇ ਅਗਲੇ ਮੁੱਖ ਮੰਤਰੀ ਵਜੋਂ ਚਾਹੁਣ ਲੱਗੇ ਹਨ। ਇਹ ਗੱਲ ਸੀਵੋਟਰਜ਼ ਨਾਂ ਦੀ ਇੱਕ ਸੰਸਥਾ ਵੱਲੋਂ ਉੱਭਰ ਕੇ ਸਾਹਮਣੇ ਆਈ ਹੈ। ਚੰਨੀ ਦੀ ਖਾਸੀਅਤ ਇਹ ਹੈ ਕਿ ਉਸਨੇ ਆਮ ਆਦਮੀ ਬਣ ਕੇ ਸ਼ਾਹੀ ਠਾਠ ਵਾਲੇ ਸਿਆਸੀ ਨੇਤਾਵਾਂ ਨੂੰ ਹੀ ਹਾਸ਼ੀਏ ਤੋਂ ਬਾਹਰ ਨਹੀਂ ਕੀਤਾ ਸਗੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਦਲਿਤ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਚੰਨੀ ਨੂੰ ਸੂਬੇ ਦੇ 30.9 ਫ਼ੀਸਦੀ ਲੋਕ ਅਗਲੇ ਮੁੱਖ ਮੰਤਰੀ ਵਜੋਂ ਦੇਖਣ ਦੀ ਸਿੱਕ ਦਿਲ ਵਿੱਚ ਪਲੋਸ ਰਹੇ ਹਨ। ਪੰਜ ਸੂਬਿਆਂ ਦੀਆਂ 609 ਸੀਟਾਂ ਦੇ 10 ਲੱਖ 7 ਹਜ਼ਾਰ 193 ਵੋਟਰਾਂ ‘ਤੇ ਆਧਾਰਿਤ ਸਰਵੇ ਵਿੱਚ ਚੰਨੀ ਪੂਰੀ ਤਰ੍ਹਾਂ ਛਾ ਗਏ ਨਜ਼ਰ ਆ ਰਹੇ ਹਨ। ਸਰਵੇ ਮੁਤਾਬਕ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਲਈ ਅਗਲੀਆਂ ਚੋਣਾਂ ਵਿੱਚ ਸੱਤਾ ‘ਤੇ ਕਬਜ਼ਾ ਕਰਨ ਦਾ ਰਾਹ ਸੁਖਾਲਾ ਹੋ ਗਿਆ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਵੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।
ਚੰਨੀ ਤੋਂ ਬਾਅਦ ਵੋਟਰਾਂ ਦਾ ਗ੍ਰਾਫ ਇਕਦਮ ਹੇਠਾਂ ਡਿੱਗਦਾ ਹੈ। ਪੰਦਾਬ ਦੇ ਸਿਰਫ਼ 20.8 ਫ਼ੀਸਦੀ ਲੋਕ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 16.1 ਫ਼ੀਸਦੀ ਲੋਕਾਂ ਦੀ ਪਸੰਦ ਹਨ ਜਦਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ 13 ਫ਼ੀਸਦੀ ਲੋਕਾਂ ਨੇ ਹੀ ਆਪਣਾ ਦਿਲ ਦੱਸਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਲੇ ਵੀ ਸੂਬੇ ਦੇ 7.5 ਫ਼ੀਸਦ ਲੋਕ ਮੁੜ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਸਭ ਤੋਂ ਹੈਰਾਨੀ ਦੀ ਗੱਲ ਜਿਹੜੀ ਦਿਲ ਨੂੰ ਨਾ ਵੀ ਜਚੇ, ਉਹ ਇਹ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਫਾਡੀ ਰਹਿ ਗਏ ਹਨ। ਉਨ੍ਹਾਂ ਨੂੰ ਸਿਰਫ਼ 4.7 ਫ਼ੀਸਦੀ ਲੋਕ ਹੀ ਮੁੱਖ ਮੰਤਰੀ ਵਜੋਂ ਦੇਖਣ ਦੀ ਇੱਛਾ ਰੱਖਦੇ ਹਨ।
ਉੱਤਰ ਪ੍ਰਦੇਸ਼ ਦੀ ਸਰਕਾਰ ਚਾਹੇ ਲਗਾਤਾਰ ਵਿਵਾਦਾਂ ਵਿੱਚ ਘਿਰੀ ਚੱਲੀ ਆ ਰਹੀ ਹੈ ਅਤੇ ਗ੍ਰਹਿ ਮੰਤਰੀ ਅਗਲੀਆਂ ਚੋਣਾਂ ਨੂੰ ਲੈ ਕੇ ਚਿੰਤਾ ਵੀ ਜਤਾ ਚੁੱਕੇ ਹਨ ਪਰ ਫਿਰ ਵੀ ਮੁੱਖ ਮੰਤਰੀ ਯੋਗੀ ਅਦਿੱਤਾਨਾਥ ਮੌਜੂਦ ਸਥਿਤੀ ਵਿੱਚ ਹਨ। ਸੂਬੇ ਦੇ 41.4 ਫ਼ੀਸਦੀ ਲੋਕ ਉਨ੍ਹਾਂ ਨੂੰ ਮੁੜ ਤੋਂ ਮੁੱਖ ਮੰਤਰੀ ਬਣਾਉਣਾ ਚਾਹ ਰਹੇ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਹੱਕ ਵਿੱਚ 31.4 ਫ਼ੀਸਦੀ, ਬੀਐੱਸਪੀ ਸੁਪਰੀਮੋ ਮਾਇਾਵਤੀ ਦੇ ਹੱਕ ਵਿੱਚ 15.6 ਫ਼ੀਸਦੀ ਅਤੇ ਗਾਂਧੀ ਪਰਿਵਾਰ ਦੀ ਧੀ ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਦੇ ਹੱਕ ਵਿੱਚ 4.9 ਫ਼ੀਸਦੀ ਲੋਕ ਭੁਗਤੇ ਹਨ। ਗੱਲ ਉੱਤਰਾਖੰਡ ਦੀ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ 31.5 ਫ਼ੀਸਦੀ ਲੋਕਾਂ ਦੇ ਚਹੇਤੇ ਬਣੇ ਹੋਏ ਹਨ। ਜਦਕਿ ਮੌਜੂਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ 27.7 ਫ਼ੀਸਦੀ ਲੋਕ ਮੁੜ ਤੋਂ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਉਣ ਲਈ ਰਾਜੀ ਹਨ। ਭਾਰਤੀ ਜਨਤਾ ਪਾਰਟੀ ਦੇ ਅਨਿਲ ਬੁਲਾਨੀ ਅਤੇ ਆਮ ਆਦਮੀ ਪਾਰਟੀ ਦੇ ਅਜੇ ਕੁਠਿਆਲ ਦੇ ਹੱਕ ਵਿੱਚ ਕ੍ਰਮਵਾਰ 18.3 ਅਤੇ 8.8 ਫ਼ੀਸਦੀ ਲੋਕਾਂ ਨੇ ਵੋਟ ਦਿੱਤੀ ਹੈ। ਗੋਆ ਵਿੱਚ ਵੀ ਮੁੱਖ ਮੰਤਰੀ ਪ੍ਰਮੋਦ ਸਵੰਤ ਹਾਲੇ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਸੂਬੇ ਦੇ 30.4 ਫ਼ੀਸਦੀ ਲੋਕ ਉਨ੍ਹਾਂ ਨੂੰ ਮੁੜ ਤੋਂ ਮੁੱਖ ਮੰਤਰੀ ਦੇਖਣ ਦਾ ਮਨ ਬਣਾ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਹਾਲੇ ਤੱਕ ਮੁੱਖ ਮੰਤਰੀ ਬਾਰੇ ਫੈਸਲਾ ਨਹੀਂ ਲਿਆ ਪਰ 19 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਉੱਥੇ ਆਪ ਦੀ ਸਰਕਾਰ ਬਣੇ। ਭਾਰਤੀ ਜਨਤਾ ਪਾਰਟੀ ਦੇ ਵਿਸ਼ਵਜੀਤ ਰਾਨੇ 15.3 ਫ਼ੀਸਦੀ ਮਤ ਨਾਲ ਫਾਡੀ ਹਨ।
ਚੋਣਾਂ ਤੋਂ ਪਹਿਲਾਂ ਬਹੁਤੀ ਵਾਰ ਹਵਾ ਦਾ ਰੁਖ ਬਦਲਣ ਲਈ ਸਿਆਸੀ ਪਾਰਟੀਆਂ ਆਪਣੀ ਮਨ-ਮਰਜ਼ੀ ਦੇ ਚੋਣ ਸਰਵੇਖਣ ਕਰਾ ਲੈਂਦੀਆਂ ਹਨ। ਐਗਜ਼ਿਟ ਪੋਲ ਵੀ ਇਸੇ ਕੜੀ ਦਾ ਦੂਜਾ ਹਿੱਸਾ ਹੈ। ਪਰ ਸਰਵੇਖਣਾਂ ਨੂੰ ਮੀਡੀਆ ਵਿੱਚ ਥਾਂ ਦਿੱਤੀ ਜਾਂਦੀ ਹੈ। ਇਸੇ ਸਰਵੇਖਣ ਨੂੰ ਆਧਾਰ ਮੰਨ ਕੇ ਇਹ ਚਰਚਾ ਛਿੜੀ ਹੈ ਕਿ ਆਮ ਆਦਮੀ ਵਜੋਂ ਵਿਚਰਦਿਆਂ ਚਰਨਜੀਤ ਸਿੰਘ ਚੰਨੀ ਸਿਆਸਤ ਦੇ ਅੰਬਰ ‘ਤੇ ਚਮਕਣ ਲੱਗੇ ਹਨ। ਆਪਣੇ ਭਾਸ਼ਣਾਂ ਵਿੱਚ ਉਨ੍ਹਾਂ ਵੱਲੋਂ ਆਪਣੇ ਗਰੀਬ ਪਿਛੋਕੜ ਦੇ ਹਵਾਲੇ ਨਾਲ ਕੀਤੀ ਜਾਂਦੀ ਗੱਲ ਲੋਕਾਂ ਦੇ ਦਿਲਾਂ ‘ਤੇ ਉੱਤਰਨ ਲੱਗੀ ਹੈ। ਪਰ ਉਨ੍ਹਾਂ ਦਾ ਇੱਕ ਤਕੀਆ ਕਲਾਮ “ਗਰੀਬ ਹਾਂ ਪਰ ਕਮਜ਼ੋਰ ਨਹੀਂ” ਵੀ ਮਜ਼ਾਕ ਦੀ ਵਜ੍ਹਾ ਬਣਨ ਲੱਗਾ ਹੈ।