India Punjab

ਬੀਜੇਪੀ ਕੁਫ਼ਰ ਨਾ ਤੋਲੇ, ਪ੍ਰਧਾਨ ਮੰਤਰੀ ‘ਤੇ ਕੋਈ ਹਮ ਲਾ ਨਹੀਂ ਹੋਇਆ, ਚੰਨੀ ਨੇ ਚੁਣ-ਚੁਣ ਦਿੱਤੇ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਮਰਜੈਂਸੀ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਤਰ੍ਹਾਂ ਮੁੜ ਜਾਣ ਨਾਲ ਸਾਨੂੰ ਅਫਸੋਸ ਹੈ। ਮੈਂ ਤਾਂ ਆਪ ਉਨ੍ਹਾਂ ਨੂੰ ਰਿਸੀਵ ਕਰਨਾ ਸੀ ਅਤੇ ਉਨ੍ਹਾਂ ਦੇ ਨਾਲ ਰਹਿਣਾ ਸੀ। ਪਹਿਲਾਂ ਤਾਂ ਇਹ ਪ੍ਰੋਗਰਾਮ ਬਣਿਆ ਸੀ ਕਿ ਮੈਂ ਉਨ੍ਹਾਂ ਨੂੰ ਬਠਿੰਡਾ ਤੋਂ ਰਿਸੀਵ ਕਰਨਾ ਸੀ ਅਤੇ ਫਿਰ ਉਨ੍ਹਾਂ ਦੇ ਨਾਲ ਹੈਲੀਕਾਪਟਰ ਵਿੱਚ ਚੜ ਕੇ ਫਿਰੋਜ਼ਪੁਰ ਜਾਣਾ ਸੀ। ਫਿਰੋਜ਼ਪੁਰ ਜਾ ਕੇ ਉਨ੍ਹਾਂ ਦੇ ਨਾਲ ਇੱਕ ਮੀਟਿੰਗ ਵੀ ਅਟੈਂਡ ਕਰਨੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਰੈਲੀ ਕਰਨੀ ਸੀ ਜਿੱਥੇ ਮੇਰਾ ਜਾਣ ਦਾ ਕੋਈ ਪ੍ਰੋਗਰਾਮ ਸੀ।

ਚੰਨੀ ਨੇ ਕਿਹਾ ਕਿ ਮੋਦੀ ਨੂੰ ਲੈਣ ਜਾਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਪਿਆ ਸੀ ਅਤੇ ਮੇਰੇ ਸੰਪਰਕ ਵਿੱਚ ਰਹਿੰਦੇ ਵਿਅਕਤੀਆਂ ਦਾ ਟੈਸਟ ਕਰੋਨਾ ਪਾਜ਼ੀਟਿਵ ਆ ਗਿਆ ਸੀ ਜਿਸ ਕਰਕੇ ਮੈਂ ਨਹੀਂ ਗਿਆ। ਮੈਂ ਇਸ ਬਾਰੇ ਆਪਣੀ ਕੈਬਨਿਟ ਦੇ ਨਾਲ ਮੀਟਿੰਗ ਕੀਤੀ ਹੈ। ਇਸ ਕਰਕੇ ਮੈਂ ਆਪਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਮੋਦੀ ਦਾ ਬਠਿੰਡਾ ਵਿੱਚ ਸਵਾਗਤ ਕਰਨ ਦੀ ਡਿਊਟੀ ਲਗਾਈ ਸੀ।

ਪੰਜ ਦਿਨਾਂ ਤੋਂ ਕੇਂਦਰ ਦੀਆਂ ਏਜੰਸੀਆਂ ਦੇ ਅਧੀਨ ਹੀ ਸਾਰਾ ਪ੍ਰੋਗਰਾਮ ਸੀ। ਅਸੀਂ ਰਾਤ 2-3 ਵਜੇ ਤੱਕ ਸਾਰੇ ਰਸਤੇ ਖਾਲੀ ਕਰਵਾ ਦਿੱਤੇ ਸਨ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਸੀਂ ਭਰੋਸਾ ਦਿਵਾਇਆ ਸੀ ਕਿ ਅਸੀਂ ਉਨ੍ਹਾਂ ਦੀ ਮੋਦੀ ਦੇ ਨਾਲ ਗੱਲ ਕਰਵਾ ਦਿਆਂਗੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਹੀ ਸਿਟਿੰਗ ਅਰੇਂਜਮੈਂਟ ਆਇਆ ਸੀ ਕਿ ਸਟੇਜ ‘ਤੇ ਪ੍ਰਧਾਨ ਮੰਤਰੀ ਨਾਲ ਕੌਣ ਬੈਠੇਗਾ, ਹੈਲੀਕਾਪਟਰ ਵਿੱਚ ਕੌਣ ਨਾਲ ਬੈਠੇਗਾ, ਸਭ ਵੇਖਿਆ ਗਿਆ ਸੀ। ਫਿਰੋਜ਼ਪੁਰ ਤੱਕ ਜਾਣ ਦਾ ਸਾਰਾ ਪ੍ਰੋਗਰਾਮ ਹਵਾਈ ਜਹਾਜ਼ ਰਾਹੀਂ ਜਾਣ ਦਾ ਸੀ। ਫਿਰੋਜ਼ਪੁਰ ਵਿੱਚ ਤਿੰਨ ਹੈਲੀਪੈਡ ਬਣਾਏ ਗਏ ਤਾਂ ਜੋ ਪ੍ਰਧਾਨ ਮੰਤਰੀ ਕਿਤੇ ਵੀ ਉਤਰ ਸਕਣ। ਅਸੀਂ ਪਹਿਲਾਂ ਹੀ ਉਨ੍ਹਾਂ ਨੂੰ ਕਿਹਾ ਸੀ ਕਿ ਮੌਸਮ ਖਰਾਬ ਹੈ ਅਤੇ ਕਿਸਾਨਾਂ ਦਾ ਪ੍ਰਦਰਸ਼ਨ ਵੀ ਹੈ, ਜੇ ਪ੍ਰੋਗਰਾਮ ਰੱਦ ਹੋ ਸਕਦਾ ਹੈ ਤਾਂ ਕਰ ਦਿਉ ਪਰ ਉਨ੍ਹਾਂ ਨੇ ਪ੍ਰੋਗਰਾਮ ਰੱਦ ਨਹੀਂ ਕੀਤਾ।

ਸਾਨੂੰ PMO ਤੋਂ ਸਾਰਾ ਲਿਖਤੀ ਪ੍ਰੋਗਰਾਮ ਆਇਆ ਹੋਇਆ ਸੀ ਅਤੇ ਵਾਇਆ ਸੜਕ ਰਾਹੀਂ ਕੋਈ ਵੀ ਪ੍ਰੋਗਰਾਮ ਨਹੀਂ ਦੱਸਿਆ ਹੋਇਆ ਹੈ। ਸਾਡੇ ਅਫ਼ਸਰਾਂ ਨੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਕਈ ਕਿਲੋਮੀਟਰ ਪਹਿਲਾਂ ਹੀ ਜਾ ਕੇ ਅਪੀਲ ਵੀ ਕੀਤੀ ਗਈ ਸੀ ਕਿ ਅੱਗੇ ਪ੍ਰਦਰਸ਼ਨ ਚੱਲ ਰਿਹਾ ਹੈ ਇਸ ਲਈ ਤੁਹਾਨੂੰ ਵਾਪਸ ਮੁੜ ਕੇ ਹਵਾਈ ਜਹਾਜ਼ ਰਾਹੀਂ ਫਿਰੋਜ਼ਪੁਰ ਜਾਣਾ ਚਾਹੀਦਾ ਹੈ। ਮੋਦੀ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਹਮਲਾ ਨਹੀਂ ਹੋਇਆ, ਸੁਰੱਖਿਆ ਪੱਖੋਂ ਕੋਈ ਕੁਤਾਹੀ ਨਹੀਂ ਹੋਈ ਹੈ। ਇਹ ਡੈਮੋਕ੍ਰੇਟਿਕ ਸਿਸਟਮ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਕੋਈ ਨਾ ਕੋਈ ਆ ਕੇ ਸੜਕ ‘ਤੇ ਬੈਠ ਜਾਂਦਾ ਹੈ। ਮੇਰੇ ਨਾਲ ਵੀ ਕਈ ਵਾਰ ਇਸ ਤਰ੍ਹਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣ ਵਰ੍ਹੇ ਦਾ ਸਾਲ ਹੋਣ ਕਾਰਨ ਲੋਕ ਸੜਕਾਂ ਉਤੇ ਧਰਨੇ ਲਗਾ ਰਹੇ ਹਨ, ਮੌਕੇ ਉਤੇ ਕੁਝ ਲੋਕਾਂ ਨੇ ਧਰਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਲੋਕਾਂ ਉਤੇ ਲਾਠੀਆਂ, ਗੋਲੀਆਂ ਨਹੀਂ ਚਲਾਉਣ ਵਾਲਾ। ਬੀਤੇ ਰਾਤ ਵੀ ਅਸੀਂ ਕਿਸਾਨਾ ਨੂੰ ਸਮਝਾ ਕੇ ਗੱਲ ਕਰਕੇ ਰੋਡ ਖਾਲੀ ਕਰਵਾਏ ਸਨ। ਮੋਦੀ ਦੇ ਕਾਫ਼ਲੇ ਕੋਲ ਤਾਂ ਕੋਈ ਗਿਆ ਹੀ ਨਹੀਂ ਸੀ। ਕੱਲ੍ਹ 8 ਵਜੇ ਦੇ ਕਰੀਬ ਮੈਨੂੰ ਫ਼ੋਨ ਆਇਆ ਕਿ ਪ੍ਰਧਾਨ ਮੰਤਰੀ ਨੂੰ ਰੋਕਣ ਲਈ ਲੋਕ ਸੜਕਾਂ ‘ਤੇ ਬੈਠ ਗਏ। ਅਸੀਂ ਕੋਸ਼ਿਸ਼ ਕਰਕੇ 3 ਵਜੇ ਤੱਕ ਲੋਕਾਂ ਨੂੰ ਸੜਕਾਂ ਤੋਂ ਉਠਾਇਆ। ਰਾਤ ਨੂੰ 1:30 ਵਜੇ ਮੈਂ ਚੀਫ ਸੈਕਟਰੀ ਦਾ ਫੋਨ ਆਇਆ ਕਿ ਕਿਸਾਨ ਪ੍ਰਧਾਨ ਮੰਤਰੀ ਨਾਲ ਗੱਲ ਕਰਵਾ ਦੋ। ਪਰ ਮੈਂ ਉਹਨਾਂ ਨਾਲ ਗੱਲ ਕੀਤੀ। ਸਵੇਰੇ 6:30 ਵਜੇ ਦੇ ਲਗਭਾਗ ਆਈ ਬੀ ਦੇ ਡਰਾਇਕਟਰ ਦਾ ਫ਼ੋਨ ਆਇਆ ਕਿ ਸਭ ਠੀਕ ਹੋ ਗਿਆ।

ਚੰਨੀ ਨੇ ਕਿਹਾ ਕੇ ਪ੍ਰਧਾਨ ਮੰਤਰੀ ‘ਤੇ ਕੋਈ ਹਮਲਾ ਨਹੀਂ ਹੋਇਆ। ਕਿਸਾਨ ਪਹਿਲਾ ਵੀ ਦਿੱਲੀ ਧਰਨੇ ਵਿੱਚ ਰਹੇ। ਇਹ ਬਿਲਕੁਲ ਗਲਤ ਹੈ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਆਏ ਤਾਂ ਉਹਨਾਂ ਨਾਲ ਹੋਈ ਘਟਨਾ ਦਾ ਪੰਜਾਬ ਸਰਕਾਰ ਨਾਲ ਜੋੜਿਆ ਜਾ ਰਿਹਾ। ਪ੍ਰਧਾਨ ਮੰਤਰੀ ਨੇ ਵਾਪਸ ਜਾਣ ਦਾ ਫੈਸਲਾ ਲਿਆ। ਇਹ ਸੁਭਾਵਿਕ ਹੈ ਕਿਉਂਕਿ ਮੈਨੂੰ ਅਕਸਰ ਇਸ ਤਰ੍ਹਾਂ ਦੇ ਅੰਦੋਲਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ, ਉਨ੍ਹਾਂ ਦਾ ਇਰਾਦਾ ਪ੍ਰਧਾਨ ਮੰਤਰੀ ‘ਤੇ ਹਮਲਾ ਕਰਨਾ ਨਹੀਂ ਸੀ। ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਸੀ ਅਤੇ ਇਸ ਨੂੰ ਉਲੰਘਣਾ ਨਾਲ ਸਬੰਧਤ ਨਹੀਂ ਕੀਤਾ ਜਾ ਸਕਦਾ। ਪੰਜਾਬੀ ਆਪਣੀ ਜਾਨ ਤੋਂ ਜਾ ਸਕਦਾ ਆਪਣਾ ਖ਼ੂਨ ਡੋਲ ਸਕਦਾ ਪਰ ਆਪਣੇ ਘਰ ਆਰੇ ਮਹਿਮਾਨ ਨੂੰ ਕੁਝ ਨਹੀਂ ਕਰੇਗਾ। ਜੇਕਰ ਕੇਂਦਰ ਨੂੰ ਲੱਗਦਾ ਹੈ ਕਿ ਇਹ ਰਾਜ ਸਰਕਾਰ ਵੱਲੋਂ ਸੁਰੱਖਿਆ ਦਾ ਉਲੰਘਣ ਕੀਤਾ ਗਿਆ ਹੈ ਤਾਂ ਸੂਬਾ ਸਰਕਾਰ ਇਸ ਦੀ ਜਾਂਚ ਕਰੇਗੀ।

ਜੇਕਰ ਅੱਜ ਵੀ ਮੋਦੀ ਦੇ ਕਾਫ਼ਲੇ ਅੱਗੇ ਕੋਈ ਪ੍ਰਦਰਸ਼ਨ ਕਰਨ ਲਈ ਆ ਗਿਆ ਹੈ ਤਾਂ ਇਸਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਇਹ ਬਿਲਕੁਲ ਗਲਤ ਹੈ। ਇਹ ਸਭ ਇਸ ਲਈ ਹੋਇਆ ਕਿਉਂਕਿ ਅਚਾਨਕ ਹਵਾਈ ਸਫ਼ਰ ਵਾਲਾ ਪ੍ਰੋਗਰਾਮ ਬਦਲ ਕੇ ਸੜਕੀ ਪ੍ਰੋਗਰਾਮ ਬਣਾਇਆ ਗਿਆ। ਹਾਲਾਂਕਿ, ਫਿਰ ਵੀ ਅਸੀਂ ਕਾਫ਼ਲੇ ਨੂੰ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਬਹੁਤ ਪਿੱਛੇ ਰੋਕ ਕੇ ਕਿਸੇ ਹੋਰ ਰੂਟ ਰਾਹੀਂ ਫਿਰੋਜ਼ਪੁਰ ਜਾਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਵਾਪਸ ਜਾਣ ਦਾ ਫੈਸਲਾ ਕੀਤਾ। ਕਿਸਾਨ ਕੋਈ ਅੱਤਵਾਦੀ ਨਹੀਂ ਸੀ, ਹੋ ਸਕਦਾ ਹੈ ਕਿ ਉਨ੍ਹਾਂ ਦੀ ਕੋਈ ਆਪਣੀ ਸਮੱਸਿਆ ਹੋਵੇ ਜਿਸ ਕਰਕੇ ਉਹ ਪ੍ਰਦਰਸ਼ਨ ਕਰ ਰਹੇ ਸਨ।

ਅਸੀਂ ਪ੍ਰਧਾਨ ਮੰਤਰੀ ਦਾ ਪੂਰਾ ਸਤਿਕਾਰ ਕਰਦੇ ਹਾਂ। ਮੈਂ ਤਾਂ ਮੋਦੀ ਦੇ ਸਵਾਗਤ ਲਈ ਬਹੁਤ ਕੁੱਝ ਤਿਆਰ ਕਰੀ ਬੈਠਾ ਸੀ, ਉਨ੍ਹਾਂ ਦੇ ਲਈ ਲੈਕਚਰ ਤਿਆਰ ਕਰੀ ਬੈਠਾ ਸੀ, ਉਨ੍ਹਾਂ ਕੋਲੋਂ ਪੰਜਾਬ ਦੇ ਲਈ ਕੀ ਮੰਗਣਾ ਸੀ, ਉਹ ਸਭ ਮੰਗਾਂ ਤਿਆਰ ਕਰੀ ਬੈਠਾ ਸੀ। ਜੇ ਇਹ ਮਾਮਲਾ ਸੁਰੱਖਿਆ ਨੂੰ ਲੈ ਕੇ ਹੈ ਤਾਂ ਅਸੀਂ ਇਸਦੀ ਕਾਰਵਾਈ ਵੀ ਜ਼ਰੂਰ ਕਰਾਵਾਂਗੇ। ਇੱਕ ਪੱਤਰਕਾਰ ਵੱਲੋਂ ਸੂਬੇ ਵਿੱਚ ਰਾਸ਼ਟਰਪਤੀ ਰਾਜ ਲੱਗਣ ਵਾਲੇ ਸਵਾਲ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਰਾਸ਼ਟਰਪਤੀ ਰਾਜ ਲੱਗਣਾ ਹੀ ਹੈ। ਇਸ ਲਈ ਕਾਂਗਰਸ ਰਾਸ਼ਟਰਪਤੀ ਰਾਜ ਤੋਂ ਡਰ ਕੇ ਨਹੀਂ ਕੰਮ ਕਰ ਰਹੀ। ਮੈਂ ਕਿਸ ਗੱਲ ਤੋਂ ਅਸਤੀਫ਼ਾ ਦੇਵਾਂ। ਇਸ ਵਿੱਚ ਮੇਰੀ ਕੀ ਗਲਤੀ ਹੈ, ਇਹ ਸਿਰਫ ਇੱਕ ਰਾਜਨੀਤਿਕ ਪ੍ਰਦਰਸ਼ਨ ਸੀ। ਗੱਲ ਸਿਰਫ ਇੰਨੀ ਸੀ ਕਿ ਕਿਸਾਨਾਂ ਨੇ ਮੋਦੀ ਦੀ ਰੈਲੀ ਨੂੰ ਰੋਕਣ ਲਈ ਪ੍ਰਦਰਸ਼ਨ ਕਰ ਰਹੇ ਸਨ ਪਰ ਅਸੀਂ ਉਨ੍ਹਾਂ ਨੂੰ ਮਨਾ ਕੇ ਉਠਾ ਦਿੱਤਾ। ਹੁਣ 70 ਹਜ਼ਾਰ ਕੁਰਸੀ ਲੱਗੀ ਸੀ ਪਰ ਬੰਦਾ ਸਾਰਾ 700 ਪਹੁੰਚਿਆ, ਉਸ ਵਿੱਚ ਹੁਣ ਮੈਂ ਕੀ ਕਰਾਂ।

ਮੋਦੀ ਵੱਲੋਂ ਚੰਨੀ ਨੂੰ ਮਾਰੇ ਗਏ ਤਾਅਨੇ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਮੋਦੀ ਮੇਰੇ ਤੋਂ ਵੱਡੇ ਹਨ, ਜੇ ਉਨ੍ਹਾਂ ਨੇ ਮੈਨੂੰ ਗੁੱਸੇ ਵਿੱਚ ਜਾਂ ਫਿਰ ਰਾਜਨੀਤਿਕ ਪੱਖੋਂ ਕੁੱਝ ਕਿਹਾ ਹੈ ਤਾਂ ਮੈਂ ਉਸਨੂੰ ਸਵੀਕਾਰ ਕਰਦਾ ਹਾਂ, ਇਸ ਬਾਰੇ ਮੈਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦੇਵਾਂਗਾ।