‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ 27ਵੇਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਕਈ ਅਹਿਮ ਐਲਾਨ ਕੀਤੇ। ਚੰਨੀ ਨੇ ਸਭ ਤੋਂ ਪਹਿਲਾਂ ਤਾਂ ਪਿੰਡਾਂ ਵਿੱਚ ਗਰੀਬਾਂ ਦੇ ਪਾਣੀ ਦਾ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ ਹੈ। ਚੰਨੀ ਨੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਵਿੱਚ ਕਾਂਗਰਸ ਪਾਰਟੀ ਦੀ ਹਾਈਕਮਾਂਡ, ਸੋਨੀਆ ਗਾਂਧੀ, ਰਾਹੁਲ ਗਾਂਧੀ, ਹਰੀਸ਼ ਰਾਵਤ, ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੱਕ ਆਮ ਆਦਮੀ ਨੂੰ, ਜਿਸਦੇ ਪੱਲੇ ਕੁੱਝ ਨਹੀਂ ਸੀ, ਉਸਨੂੰ ਇੱਥੋਂ ਤੱਕ ਲੈ ਆਂਦਾ ਹੈ। ਕਾਂਗਰਸ ਪਾਰਟੀ ਨੇ ਇੱਕ ਗਰੀਬ ਨੂੰ ਇੱਥੇ ਤੱਕ ਲਿਆ ਕੇ ਬਿਠਾ ਦਿੱਤਾ ਹੈ, ਜਿੱਥੇ ਤੱਕ ਮੇਰੀ ਔਕਾਤ ਨਹੀਂ ਸੀ। ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਨੇਤਾ ਹੈ, ਅਗਾਂਹਵਧੂ ਸੋਚ ਹੈ, ਗਰੀਬਾਂ ਦੀ ਬਾਂਹ ਫੜਨ ਵਾਲਾ ਹੈ। ਚੰਨੀ ਨੇ ਕਾਂਗਰਸ ਲੀਡਰਸ਼ਿਪ ਅਤੇ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ। ਚੰਨੀ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਗੱਲਾਂ :
- ਪੰਜਾਬ ਸੋਨੇ ਦੀ ਚਿੜੀ ਹੈ। ਪੰਜਾਬ ਦੀ ਕਿਸਾਨੀ ‘ਤੇ ਕੋਈ ਆਂਚ ਨਹੀਂ ਆਵੇਗੀ, ਜੇਕਰ ਆਈ ਤਾਂ ਕਿਸਾਨਾਂ ਨੂੰ ਆਪਣਾ ਗਲ ਵੱਢ ਕੇ ਦੇ ਦਿਆਂਗਾ। ਇਹ ਸਰਕਾਰ ਕਿਸਾਨਾਂ ਦੀ ਹੈ।
- ਚੰਨੀ ਨੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ।
- ਪੰਜਾਬ ਸਰਕਾਰ ਹਰ ਤਰੀਕੇ ਦੇ ਨਾਲ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹੈ ਪਰ ਪੰਜਾਬ ਦੇ ਕਿਸਾਨ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨੀ ਡੁੱਬੇਗੀ ਤਾਂ ਪੰਜਾਬ ਡੁੱਬੇਗਾ।
- ਅੱਜ ਹੀ ਪੰਜਾਬ ਵਿੱਚ ਹੋ ਰਹੇ ਰੇਤਾ ਮਾਫੀਆ ਦਾ ਪੰਜਾਬ ਕੈਬਨਿਟ ਵਿੱਚ ਫੈਸਲਾ ਕੀਤਾ ਜਾਵੇਗਾ।
- ਕਿਸਾਨਾਂ ਲਈ ਖੇਤਾਂ ਦੀ ਬਿਜਲੀ ਦਾ ਬਿੱਲ ਮੁਆਫ ਹੋਣਾ ਚਾਹੀਦਾ ਹੈ।
- ਪਿੰਡਾਂ ਵਿੱਚ ਗਰੀਬਾਂ ਦਾ ਪਾਣੀ ਦਾ ਬਿੱਲ ਮੁਆਫ ਹੋਵੇਗਾ। 10-10, 20-20, 50-50 ਲੱਖ ਦੇ ਸਾਰੇ ਬਿੱਲ ਮੁਆਫ ਕੀਤੇ ਜਾਣਗੇ। ਚੰਨੀ ਨੇ ਪਿਛਲੇ ਪੰਜ ਸਾਲ ਦਾ ਬਕਾਇਆ ਮੁਆਫ ਕਰਨ ਦਾ ਐਲਾਨ ਕੀਤਾ ਹੈ। ਕਿਸੇ ਗਰੀਬ ਦਾ ਕੁਨੈਕਸ਼ਨ ਇਸ ਕਰਕੇ ਨਹੀਂ ਕੱਟੇਗਾ ਕਿ ਉਸਦਾ ਬਿੱਲ ਦੇਣਾ ਹੈ।
- ਹਾਈਕਮਾਂਡ ਨੇ 18 ਮੁੱਦੇ ਦਿੱਤੇ ਹਨ, ਉਹ ਇੱਕ-ਇੱਕ ਕਰਕੇ ਹੱਲ ਹੋਣਗੇ।
- ਕੋਈ ਵੀ ਨਾਜਾਇਜ਼ ਥਾਣੇ ਵਿੱਚ ਨਹੀਂ ਜਾਵੇਗਾ। ਸਭ ਨੂੰ ਇਨਸਾਫ਼ ਮਿਲੇਗਾ, ਕਾਨੂੰਨ ਸਭ ਲਈ ਇੱਕ ਹੋਵੇਗਾ।
- ਚੰਨੀ ਨੇ ਸਾਰਿਆਂ ਨੂੰ ਧਰਨੇ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਇੱਕ-ਇੱਕ ਮਸਲੇ ਦਾ ਹੱਲ ਕਰਾਂਗਾ, ਸਾਰੀਆਂ ਮੰਗਾਂ ਪੂਰੀਆਂ ਕਰਾਂਗਾ। ਬਸ ਮੈਨੂੰ ਥੋੜ੍ਹਾ ਜਿਹਾ ਸਮਾਂ ਦੇ ਦਿਉ, ਜ਼ਿਆਦਾ ਸਮਾਂ ਨਹੀਂ ਮੰਗਦਾ। ਮੈਂ ਕਰਮਚਾਰੀਆਂ ਦਾ ਨੁਮਾਇੰਦਾ ਹਾਂ, ਕਰਮਚਾਰੀ ਸਾਡੀ ਜਿੰਦ ਜਾਨ ਹੈ।
- ਮੇਰਾ ਬਿਸਤਰਾ ਮੇਰੀ ਕਾਰ ਵਿੱਚ ਲੱਗਿਆ ਹੋਇਆ ਹੈ। ਮੈਂ ਚਾਰ ਵਜੇ ਤੁਰ ਪੈਂਦਾ ਹਾਂ ਅਤੇ ਜਿੱਥੇ ਪਹੁੰਚਣਾ ਹੋਵੇ, ਸੱਤ ਵਜੇ ਹੀ ਪਹੁੰਚ ਜਾਂਦਾ ਹਾਂ। ਮੈਂ ਪੰਜਾਬ ਦੇ ਘਰ-ਘਰ ਜਾਣਾ ਹੈ।
- ਮੈਂ ਦਫ਼ਤਰ ਵਿੱਚ ਮਿਲਾਂਗਾ। ਸਾਰੇ ਸਕੱਤਰਾਂ ਨੂੰ ਅੱਜ ਹੀ ਹਦਾਇਤ ਦਿੱਤੀ ਜਾਵੇਗੀ ਕਿ ਉਹ 2 ਦਿਨ ਪੱਕਾ ਦਫਤਰ ਵਿੱਚ ਬੈਠਣਗੇ।
- ਸਾਰੇ ਡੀਸੀ ਕੰਮ ਕਰਨਗੇ, ਮੇਰੇ ਤੱਕ ਹਰ ਗਰੀਬ ਦੀ ਪਹੁੰਚ ਹੋਵੇਗੀ। ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
- ਮੈਂ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਬਣਾਂਗਾ, ਕਿਸਾਨੀ ਸੰਘਰਸ਼ ਵਿੱਚ ਆਪ ਜੁਟਾਂਗਾ ਤੇ ਮਸਲਾ ਹੱਲ ਕਰਾ ਕੇ ਦਿਆਂਗਾ।