Punjab

ਸਮਾਗਮਾਂ ‘ਚ ਖਲਲ ਪਾਉਣ ਵਾਲਿਆਂ ‘ਤੇ ਬਣਨਗੇ ਪੁ ਲਿਸ ਕੇਸ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟੈਂਕੀ ‘ਤੇ ਚੜਨ ਵਾਲੇ ਪ੍ਰਦਰਸ਼ਨਕਾਰੀ ਅਧਿਆਪਕਾਂ ਖਿਲਾਫ ਇੱਕ ਤੁਗਲਕੀ ਫੁਰਮਾਨ ਦੇ ਦਿੱਤਾ ਹੈ। ਚੰਨੀ ਨੇ ਕਿਹਾ ਹੈ ਕਿ ਟੈਂਕੀ ’ਤੇ ਚੜ੍ਹਨ ਅਤੇ ਸਮਾਗਮਾਂ ’ਚ ਖ਼ਲਲ ਪਾਉਣ ਵਾਲਿਆਂ ’ਤੇ ਕੇਸ ਦਰਜ ਹੋਣਗੇ।

ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਚੰਨੀ ਨੇ ਜਦੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਅਨਾਜ ਮੰਡੀ ਵਿੱਚ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਬੇਰੁਜ਼ਗਾਰਾਂ ਵੱਲੋਂ ਚਰਨਜੀਤ ਚੰਨੀ ਖ਼ਿਲਾਫ਼ ਨਾਅਰੇ ਲਾਏ ਗਏ। ਪੁਲਿਸ ਵੱਲੋਂ ਭਾਵੇਂ ਨਾਅਰੇ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਪਰ ਚੰਨੀ ਨੇ ਮੰਚ ਤੋਂ ਐਲਾਨ ਕੀਤਾ ਕਿ ਜੋ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰਦੇ ਹਨ ਜਾਂ ਚੱਲ ਰਹੇ ਸਮਾਗਮ ਵਿੱਚ ਖਲਲ ਪਾਉਂਦੇ ਹਨ, ਉਨ੍ਹਾਂ ਦੇ ਖ਼ਿਲਾਫ਼ ਹੁਣ ਕੇਸ ਦਰਜ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਜਾਂ ਤਾਂ ਉਨ੍ਹਾਂ ਨਾਲ ਆ ਕੇ ਗੱਲ ਕਰਨ ਜਾਂ ਫਿਰ ਅਜਿਹੇ ਪ੍ਰਦਰਸ਼ਨਾਂ ਤੋਂ ਬਾਜ਼ ਆਉਣ।

ਚੰਨੀ ਨੇ ਕਿਹਾ ਕਿ ਜੇ 10 ਹਜ਼ਾਰ ਦੇ ਇਕੱਠ ’ਚੋਂ 10 ਬੰਦੇ ਆ ਕੇ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਹੁਣ ਪਰਚੇ ਹੋਣਗੇ। ਦਰਅਸਲ, ਅੱਜ ਜ਼ਿਲ੍ਹਾ ਬਰਨਾਲਾ ਵਿੱਚ ਮਹਿਲ ਕਲਾਂ ਅਤੇ ਤਪਾ ਮੰਡੀ ਵਿਖੇ ਚਰਨਜੀਤ ਚੰਨੀ ਦੀ ਫੇਰੀ ਦੌਰਾਨ ਬੇਰੁਜ਼ਗਾਰ ਆਂਗਨਵਾੜੀ ਕਿਸਾਨ ਜਥੇਬੰਦੀਆਂ ਆਦਿ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਮਹਿਲ ਕਲਾਂ ਵਿੱਚ ਚੰਨੀ ਦਾ ਵਿਰੋਧ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਧੂਹਿਆ ਅਤੇ ਇਸ ਖਿੱਚੋਤਾਣ ਵਿੱਚ ਕਈਆਂ ਦੀਆਂ ਪੱਗਾਂ ਲੱਥ ਗਈਆਂ।

ਚੰਨੀ ਦਾ ਵਿਰੋਧ ਕਰ ਰਹੇ ਐੱਨਐੱਚਐੱਮ ਸਿਹਤ ਕਾਮਿਆਂ ’ਤੇ ਵੀ ਪੁਲਿਸ ਨੇ ਸਖ਼ਤੀ ਵਰਤੀ। ਸਿਹਤ ਕਾਮੇ ਰੋਸ ਪ੍ਰਗਟ ਕਰਦੇ ਹੋਏ ਸੜਕਾਂ ‘ਤੇ ਹੀ ਲੰਮੇ ਪੈ ਗਏ।