‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮੁਹਾਲੀ ਵਿੱਚ 350 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਹੈ। ਚੰਨੀ ਨੇ ਇਸ ਹਸਪਤਾਲ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ ਰੱਖਣ ਦਾ ਐਲਾਨ ਕੀਤਾ ਹੈ। ਚਾਲੀ ਕਰੋੜ ਦੇ ਲਾਗਤ ਨਾਲ ਬਣਨ ਵਾਲੇ ਇਸ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਅਤੇ ਸੱਤ ਆਪ੍ਰੇਸ਼ਨ ਥਿਏਟਰ ਹੋਣਗੇ। ਇਸਦੇ ਨਾਲ ਹੀ ਚਾਰ ਬਿਸਤਰਿਆਂ ਦਾ ਡਾਇਲਸੈਸ ਸੈਂਟਰ ਅਤੇ ਬਲੱਡ ਬੈਂਕ ਵੀ ਸਥਾਪਿਤ ਕੀਤਾ ਜਾਵੇਗਾ।
ਮੁਹਾਲੀ ਵਿੱਚ ਔਡੀਟੋਰੀਅਮ ਬਣਾਉਣ ਵਾਸਤੇ 10 ਕਰੋੜ ਰੁਪਏ ਮੈਂ ਭੇਜਾਂਗਾਂ। ਚੰਨੀ ਨੇ ਇਸ ਮੌਕੇ ਸਨੇਟਾ ਦੇ ਪ੍ਰਾਈਮਰੀ ਹੈਲਥ ਸੈਂਟਰ ਅਤੇ ਘੜੂੰਆਂ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਚੰਨੀ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਤਾਰੀਫ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਸਿੱਧੂ ਨੇ ਇਸ ਤੋਂ ਪਹਿਲਾਂ ਇੱਕ ਮੈਡੀਕਲ ਕਾਲਜ ਦੀ ਸਹੂਲਤ ਦਿੱਤੀ ਹੈ ਅਤੇ ਹੁਣ ਇੱਕ ਹਸਪਤਾਲ ਲੋਕਾਂ ਨੂੰ ਦਿੱਤਾ ਗਿਆ ਹੈ। ਅੱਜ ਮੁਹਾਲੀ ਇਸ ਲਈ ਚੰਗੀ ਤਰ੍ਹਾਂ ਵਿਕਸਿਤ ਹੋ ਰਿਹਾ ਹੈ ਕਿਉਂਕਿ ਇਸ ਖੇਤਰ ਨੂੰ ਵਧੀਆ ਲੀਡਰ ਮਿਲੇ ਹਨ। ਬਲਬੀਰ ਸਿੱਧੂ 15 ਸਾਲ ਵਿਧਾਇਕ ਰਹੇ ਹਨ ਪਰ ਇਨ੍ਹਾਂ ਨੇ ਚੰਗੀ ਸੋਚ ਦੇ ਨਾਲ ਇਲਾਕੇ ਦਾ ਵਿਕਾਸ ਕੀਤਾ ਹੈ। ਮੈਂ ਤਾਂ ਸਿਰਫ ਨੀਂਹ ਪੱਥਰ ਰੱਖਣ ਆਇਆ ਹਾਂ, ਕੰਮ ਤਾਂ ਬਲਬੀਰ ਸਿੱਧੂ ਨੇ ਕੀਤਾ ਹੈ।
ਚੰਨੀ ਨੇ ਕਿਹਾ ਕਿ ਬਲਬੀਰ ਸਿੱਧੂ ਮੰਤਰੀ ਨਹੀਂ ਬਲਕਿ ਮੁੱਖ ਮੰਤਰੀ ਹਨ। ਬਲਬੀਰ ਸਿੱਧੂ ਦਾ ਵਿਰੋਧ ਵੀ ਬਹੁਤ ਤਕੜਾ ਹੈ ਪਰ ਇਨ੍ਹਾਂ ਦੇ ਪਿਆਰ ਵਿੱਚ ਵੀ ਬਹੁਤ ਨਿੱਘ ਹੈ। ਬਲਬੀਰ ਸਿੱਧੂ ਜੋ ਲਿਖਣਗੇ, ਅਸੀਂ ਪਾਸ ਕਰਾਂਗੇ। ਬਲਬੀਰ ਸਿੱਧੂ ਨੂੰ ਆਰਜ਼ੀ ਤੌਰ ‘ਤੇ ਕੈਬਨਿਟ ਤੋਂ ਹਟਾਇਆ ਗਿਆ ਹੈ ਪਰ ਕਾਂਗਰਸ ਪਾਰਟੀ ਇਨ੍ਹਾਂ ਕੋਲੋਂ ਕੰਮ ਲੈਣਾ ਚਾਹੇਗੀ ਅਤੇ ਅਜਿਹੇ ਲੀਡਰ ਬਹੁਤ ਹੀ ਘੱਟ ਹਨ। ਰਾਹੁਲ ਗਾਂਧੀ ਨੇ 10 ਦਿਨ ਪਹਿਲਾਂ ਬਲਬੀਰ ਸਿੱਧੂ ਨੂੰ ਕਿਹਾ ਹੈ ਕਿ ਪਾਰਟੀ ਉਨ੍ਹਾਂ ਤੋਂ ਵੱਡਾ ਕੰਮ ਲਵੇਗੀ। ਪਾਰਟੀ ਜਲਦ ਹੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇਵੇਗੀ। ਆਰਥਿਕ ਪੱਖ ਤੋਂ ਕਮਜ਼ੋਰ, ਗਰੀਬ ਲੋਕ ਜਿਨ੍ਹਾਂ ਕੋਲ ਘਰ ਨਹੀਂ ਹਨ, ਉਨ੍ਹਾਂ ਨੂੰ ਅਸੀਂ ਬਹੁਤ ਹੀ ਸਰਲ ਸਕੀਮ ਦੇ ਨਾਲ 25 ਹਜ਼ਾਰ ਮਕਾਨ ਬਣਾ ਕੇ ਦੇਵਾਂਗੇ।