India Punjab

‘ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਗ਼ਲਤ!’ ‘ਬੀਜੇਪੀ ਜ਼ਿੰਮੇਵਾਰ, ਮੁਆਫੀ ਮੰਗੇ!’

ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ (SRI DARBAR SAHIB) ’ਤੇ ਭਾਰਤੀ ਫੌਜ (INDIAN ARMY) ਦੇ ਹਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਐੱਮਪੀ ਚਰਨਜੀਤ ਸਿੰਘ ਚੰਨੀ (EX CM CHARANJEET SINGH CHANNI) ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਗ਼ਲਤ ਸੀ ਅਤੇ ਉਸ ’ਤੇ ਪਾਰਟੀ ਨੇ ਮੁਆਫ਼ੀ ਵੀ ਮੰਗ ਲਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਸ੍ਰੀ ਹਰਮਿੰਦਰ ਸਾਹਿਬ ’ਤੇ ਹਮਲੇ ਲਈ ਫੌਜ ਭੇਜਣ ਲਈ ਦਬਾਅ ਪਾਇਆ ਸੀ। ਜਿਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਚੰਨੀ ਨੇ ਇਹ ਟਿੱਪਣੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕੇਸ ਨਾਲ ਸਬੰਧਤ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦਿੱਤਾ ਸੀ।

ਜਦੋਂ ਚੰਨੀ ਕੋਲੋ ਪੁੱਛਿਆ ਗਿਆ ਕਿ ਪਾਰਟੀ ਨੇ ਜਗਦੀਸ਼ ਟਾਈਟਲਰ (JAGDISH TYTLER) ਨੂੰ ਕਿਉਂ ਨਹੀਂ ਕੱਢਿਆ ਤਾਂ ਚੰਨੀ ਨੇ ਕਿਹਾ ਸਿੱਖ ਨਸਲਕੁਸ਼ੀ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਲਈ ਪਾਰਟੀ ਨੇ ਕਈ ਵਾਰ ਮੁਆਫ਼ੀ ਮੰਗੀ ਹੈ। ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ 10 ਸਾਲ ਤੋਂ ਸੱਤਾ ਵਿੱਚ ਬੀਜੇਪੀ ਨੇ ਹੁਣ ਤੱਕ ਮੁਲਜ਼ਮਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਹੈ।

ਚੰਨੀ ਨੇ ਕਿਹਾ ਮੈਂ ਕਾਂਗਰਸ ਦੇ ਹੈੱਡਕੁਆਟਰ ਵਿੱਚ ਬੈਠ ਕੇ ਕਹਿ ਰਿਹਾ ਹਾਂ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਗਲਤ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ, ਮਾਈ ਲਾਈਫ਼’ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਰਕਾਰ ’ਤੇ ਫੌਜ ਭੇਜਣ ਦਾ ਦਬਾਅ ਪਾਇਆ ਸੀ।

ਸਿਰਫ਼ ਇੰਨਾਂ ਹੀ ਨਹੀਂ ਚੰਨੀ ਨੇ ਕਿਹਾ ਭਾਰਤ ਰਤਨ ਨਾਲ ਸਨਮਾਨਿਤ RSS ਦੇ ਇੱਕ ਆਗੂ ਨੇ 1984 ਵਿੱਚ ਕਿਹਾ ਸੀ ਕਿ ਸਿੱਖਾਂ ਖਿਲਾਫ ਨਸਲਕੁਸ਼ੀ ਨਰਾਜ਼ਗੀ ਦਾ ਨਤੀਜਾ ਹੈ ਅਤੇ ਇਸ ਨੂੰ ਜਾਇਜ਼ ਠਹਿਰਾਇਆ ਸੀ।