‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਸਿਰ ‘ਤੇ ਆ ਗਈਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਤੇਜ਼ੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਭਦੌੜ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ ਹਨ। ਇਸਦੇ ਨਾਲ ਹੀ ਚੰਨੀ ਨੇ ਵਿਰੋਧੀ ਪਾਰਟੀਆਂ ‘ਤੇ ਖੂਬ ਨਿਸ਼ਾਨੇ ਵੀ ਕੱਸੇ। ਚੰਨੀ ਨੇ ਵਿਰੋਧੀ ਪਾਰਟੀਆਂ ਦੀਆਂ ਸੱਤਾ ਦੇ ਦਿਨ ਗਿਣਾਉਂਦਿਆਂ ਕਿਹਾ ਕਿ ਕੈਪਟਨ ਨੇ 10 ਸਾਲ ਰਾਜ ਕੀਤਾ, ਪ੍ਰਕਾਸ਼ ਸਿੰਘ ਬਾਦਲ ਪੰਜ ਸਾਲ ਮੁੱਖ ਮੰਤਰੀ ਬਣੇ ਪਰ ਇਨ੍ਹਾਂ ਦੇ ਰਾਜ ਵੇਲੇ ਪਿੰਡਾਂ ਦਾ ਵਿਕਾਸ ਨਹੀਂ ਹੋ ਸਕਿਆ, ਪਿੰਡਾਂ ਵਿੱਚ ਗਰੀਬੀ ਬਹੁਤ ਹੈ, ਕਿਸਾਨਾਂ ਦਾ ਮਾੜਾ ਹਾਲ ਹੈ। ਚੰਨੀ ਨੇ ਆਪਣੇ ਸੋਹਲੇ ਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਵੇਲੇ ਚਮਕੌਰ ਸਾਹਿਬ ਵਿੱਚ ਵਿਦਿਆਰਥੀਆਂ ਲਈ ਯੂਨੀਵਰਸਿਟੀ ਬਣ ਰਹੀ ਹੈ।
ਚੰਨੀ ਨੇ ਦਾਅਵਾ ਕੀਤਾ ਕਿ ਅਕਾਲੀ ਜਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਟਾ, ਦਾਲ ਨਹੀਂ ਸਰਨਾ, ਚੰਗੀ ਪੜਾਈ, ਚੰਗੇ ਹਸਪਤਾਲ, ਯੂਨੀਵਰਸਿਟੀਆਂ, ਕਾਲਜ ਚਾਹੀਦੇ ਹਨ। ਚੰਨੀ ਨੇ ਭਰੋਸਾ ਜਤਾਇਆ ਕਿ ਉਹ ਉੱਥੇ ਹੀ ਯਾਨਿ ਭਦੌੜ ਹੀ ਰਹਿਣਗੇ, ਉੱਥੋਂ ਕਿਤੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਉਹ ਛੇ ਮਹੀਨਿਆਂ ਦੇ ਵਿੱਚ ਆਪਣਾ ਘਰ ਵੀ ਉੱਥੇ ਬਣਵਾ ਲੈਣਗੇ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਇਸ ਇਲਾਕੇ ਨੂੰ ਉੱਪਰ ਚੁੱਕਣ ਦਾ ਮਿਸ਼ਨ ਹੈ। ਚੰਨੀ ਨੇ ਕਿਹਾ ਕਿ ਜੇ ਸਾਰਾ ਕੁੱਝ ਠੀਕ ਕਰਨਾ ਹੈ ਤਾਂ ਮੈਨੂੰ ਇੱਕ ਮੌਕਾ ਦੇ ਦਿਉ, ਮੈਂ ਝੋਲੀ ਮੰਗ ਕੇ ਤੁਹਾਡੇ ਤੋਂ ਇੱਕ ਮੌਕਾ ਮੰਗ ਰਿਹਾ ਹੈ। ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਇਸ ਇਲਾਕੇ ਵਿੱਚ ਵਿਕਾਸ ਦੀ ਕਮੀ ਨਹੀਂ ਰਹੇਗੀ, ਇਹ ਮੇਰੀ ਜ਼ਿੰਮੇਵਾਰੀ ਹੈ। ਮੈਂ ਇਲਾਕੇ ਵਿੱਚ ਇੱਕ ਵਿਜ਼ਨ ਲੈ ਕੇ ਆਇਆ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਹੋਰ ਪਾਰਟੀ ਦਾ ਉਮੀਦਵਾਰ ਮੇਰੇ ਤੋਂ ਵਧੀਆ ਵਿਕਾਸ ਕਰੇਗਾ, ਤਾਂ ਬੇਸ਼ੱਕ ਤੁਸੀਂ ਉਸਨੂੰ ਵੋਟ ਪਾ ਦਿਉ। ਪਰ ਮੈਂ ਤੁਹਾਡਾ ਪਿਆਰ, ਸਤਿਕਾਰ ਭਾਲਦਾ ਹਾਂ। ਤੁਸੀਂ ਮੈਨੂੰ ਵੋਟ ਪਾਉ ਤਾਂ ਜੋ ਇੱਕ ਨਵਾਂ ਭਦੌੜ ਸਾਹਮਣੇ ਆਵੇ।