Punjab

ਚੰਨੀ ਦੇ ਪੁੱਤ ਦੇ ਵਿਆਹ ਦਾ ਸਰਕਾਰ ਨੂੰ ਗੋਡੇ-ਗੋਡੇ ਚਾਅ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਦਾ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਚਾਅ ਚੜ੍ਹਿਆ ਪਿਆ ਹੈ। ਚੰਨੀ ਦੇ ਜੱਦੀ ਪਿੰਡ ਦੇ ਲੋਕ ਤਾਂ ਕਈ ਦਿਨਾਂ ਤੋਂ ਘੋੜੀਆਂ ਗਾਉਣ ਲੱਗੇ ਹੋਏ ਹਨ ਪਰ ਸਰਕਾਰ ਦੇ ਕਈ ਅਫ਼ਸਰਾਂ ਨੂੰ ਨਾ ਦਿਨ ਦਾ ਚੈਨ ਹੈ ਨਾ ਰਾਤ ਦਾ। ਮੁੱਖ ਮੰਤਰੀ ਦੇ ਪੁੱਤ ਦਾ ਜਿਸ ਮੈਰਿਜ ਪੈਲੇਸ ਵਿੱਚ ਰਿਸੈਪਸ਼ਨ ਰੱਖੀ ਗਈ ਹੈ, ਉਸਨੂੰ ਜਾਣ ਵਾਲੀ ਕਈ ਕਿਲੋਮੀਟਰ ਸੜਕ ਦਾ ਟੋਟਾ ਟੁੱਟਿਆ ਪਿਆ ਸੀ। ਕਿਲੋਮੀਟਰ ਤੋਂ ਵੱਧ ਜ਼ਮੀਨ ਦਾ ਵਿਵਾਦ ਕਾਰਨ ਬਣਨ ਖੁਣੋਂ ਰਹਿ ਗਈ ਸੀ। ਹੁਣ ਕਿਸੇ ਨੇ ਨਾ ਪੁੱਛਿਆ ਨਾ ਤਾਅ, ਬਸ ਸਰਕਾਰ ਜੁਟ ਗਈ ਤਿਆਰੀਆਂ ਵਿੱਚ। ਪੀ.ਡਬਲਿਊ.ਡੀ. ਵਿਭਾਗ ਅਤੇ ਗੁਮਾਡਾ ਸੜਕ ਨੂੰ ਮਖਮਲ ਦੀ ਤਰ੍ਹਾਂ ਬਣਾਉਣ ਵਿੱਚ ਜੁਟ ਗਿਆ ਹੈ ਕਿ ਕਿਧਰੇ ਮੁੱਖ ਮੰਤਰੀ ਦੇ ਪ੍ਰਾਹੁਣਿਆਂ ਨੂੰ ਕੋਈ ਹੁਝਕਾ ਨਾ ਲੱਗ ਜਾਵੇ। ਇਹ ਮੈਰਿਜ ਪੈਲੇਸ ਚੰਨੀ ਦੇ ਇੱਕ ਪੁਰਾਣੇ ਦੋਸਤ ਦਾ ਦੱਸਿਆ ਜਾਂਦਾ ਹੈ। ਪੈਲੇਸ ਦਾ ਮਾਲਕ ਉਦੋਂ ਕੌਂਸਲਰ ਸੀ ਜਦੋਂ ਚੰਨੀ ਹੁਰੀਂ ਖਰੜ ਨਗਰ ਕੌਂਸਲ ਦੇ ਪ੍ਰਧਾਨ ਸਨ।

ਚੰਨੀ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵਿਆਹ ਬਹੁਤ ਸਾਦੇ ਢੰਗ ਨਾਲ ਅਤੇ ਸਿੱਖ ਮਰਿਆਦਾ ਅਨੁਸਾਰ ਹੋਵੇਗਾ। ਤਾਜ਼ਾ ਜਾਣਕਾਰੀ ਅਨੁਸਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਆਹ ਦੇ ਸਮਾਗਮਾਂ ਨੂੰ ਪਰਿਵਾਰਿਕ ਮੈਂਬਰਾਂ ਅਤੇ ਬਹੁਤ ਨੇੜਲੇ ਸਬੰਧੀਆਂ-ਦੋਸਤਾਂ ਤੱਕ ਹੀ ਸੀਮਿਤ ਰੱਖਿਆ ਜਾਵੇ ਅਤੇ ਕੋਈ ਵੱਡਾ ਸ਼ੋਅ ਆਫ਼ ਨਾ ਕੀਤਾ ਜਾਵੇ। ਕੱਲ੍ਹ 10 ਅਕਤੂਬਰ ਨੂੰ ਮੁਹਾਲੀ ਦੇ ਸਾਚਾ ਧਨ ਗੁਰਦਵਾਰਾ ਸਾਹਿਬ ਵਿੱਚ ਹੀ ਬਰਾਤ ਆਵੇਗੀ। ਸਿੱਖ ਮਰਿਆਦਾ ਅਨੁਸਾਰ ਆਨੰਦ ਕਾਰਜ ਤੋਂ ਬਾਅਦ ਉੱਥੋਂ ਹੀ ਬਰਾਤ ਵਾਪਸ ਚਲੀ ਜਾਵੇਗੀ। ਵਿਆਹ ਦੇ ਜਸ਼ਨ ਲਈ ਆਨੰਦ ਕਾਰਜ ਤੋਂ ਬਾਅਦ ਵੀ ਜਿਹੜੇ ਸਮਾਗਮ ਹੋਣਗੇ, ਇਨ੍ਹਾਂ ਨੂੰ ਪਰਿਵਾਰ ਅਤੇ ਨੇੜਲੇ ਸੰਬੰਧੀਆਂ ਤੱਕ ਸੀਮਿਤ ਰੱਖਣ ਦਾ ਯਤਨ ਹੈ।