Punjab

ਮੰਤਰੀ ਮੰਡਲ ਦੇ ਗਠਨ ‘ਚ ਚੰਨੀ ਪੁਗਾ ਗਏ ਆਪਣੇ ਦਿਲ ਦੀ…

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਪੰਜਾਬ ਮੰਤਰੀ ਮੰਡਲ ਦੇ ਗਠਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਾਹੇ ਤਿੰਨ ਦਿਨਾਂ ‘ਚ ਦਿੱਲੀ ਦੇ ਚਾਰ ਗੇੜੇ ਲਾਉਣੇ ਪੈ ਗਏ, ਭਾਵੇਂ ਇਹ ਵੀ ਸੁਣਨਾ ਪੈ ਗਿਆ ਕਿ ਚਾਬੀ ਹਾਈਕਮਾਂਡ ਤੋਂ ਘੁੰਮਦੀ ਹੈ ਪਰ ਉਹ ਆਪਣੇ ਦਿਲ ਦੀ ਪੁਗਾਉਣ ਵਿੱਚ ਸਫ਼ਲ ਹੋ ਗਏ ਹਨ। ਹਾਈਕਮਾਂਡ ਨੇ ਵੀ ਉਨ੍ਹਾਂ ਦਾ ਹੱਥ ਕਾਫ਼ੀ ਢਿੱਲਾ ਛੱਡੀ ਰੱਖਿਆ ਹੈ। ਨਵੇਂ ਮੰਤਰੀ ਮੰਡਲ ਵਿੱਚ ਸਾਰੇ ਵਰਗਾਂ, ਇਲਾਕਿਆਂ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਵਿਵਾਦਾਂ ਨੇ ਨਾ ਛੱਡਿਆ ਖਹਿੜਾ

ਮੰਤਰੀ ਮੰਡਲ ਵਿੱਚ ਸ਼ਾਮਿਲ 11 ਪੁਰਾਣੇ ਅਤੇ ਸੱਤ ਨਵੇਂ ਸਾਥੀਆਂ ਦੀ ਗੱਲ ਕਰੀਏ ਤਾਂ ਮਾਲਵੇ ਤੋਂ 9, ਮਾਝੇ ਤੋਂ 6 ਅਤੇ ਦੁਆਬੇ ਤੋਂ 3 ਮੰਤਰੀ ਲਏ ਗਏ ਹਨ। ਨਵੇਂ ਮੰਤਰੀ ਮੰਡਲ ਨੂੰ ਕੱਲ੍ਹ ਐਤਵਾਰ ਨੂੰ 4 ਵਜੇ ਸਹੁੰ ਚੁਕਾਈ ਜਾਣੀ ਹੈ। ਮੰਤਰੀ ਮੰਡਲ ਵਿੱਚ ਮੋਤੀਆਂ ਵਾਲੀ ਸਰਕਾਰ ਦੇ 11 ਮੰਤਰੀਆਂ ਨੂੰ ਬਹਾਲ ਰੱਖਿਆ ਗਿਆ ਹੈ ਜਦਕਿ ਸੱਤ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ। ਕੈਪਟਨ ਮੰਤਰੀ ਮੰਡਲ ਦੇ ਪੰਜ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ। ਕੈਪਟਨ ਮੰਤਰੀ ਮੰਡਲ ਵਿੱਚੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣ ਵਿੱਚ ਕਾਮਯਾਬ ਹੋ ਗਏ ਹਨ।

ਜਵਾਈ ਨੂੰ ਨੌਕਰੀ ਮਿਲੀ, ਝੰਡੀ ਵਾਲੀ ਕਾਰ ਗਈ
ਮੁਹਾਲੀ ਦੀ ਹਜ਼ਾਰ ਕਰੋੜ ਦੀ ਜ਼ਮੀਨ ਦੀ ਬੋਲੀ ਲੈ ਬੈਠੀ

ਜਿਹੜੇ ਸਾਬਕਾ ਮੰਤਰੀ ਕੱਲ੍ਹ ਨੂੰ ਮੁੜ ਸਹੁੰ ਚੁੱਕ ਰਹੇ ਹਨ, ਉਹਨਾਂ ਵਿੱਚੋਂ ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਸੁਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ ਅਤੇ ਵਿਜੈ ਇੰਦਰ ਸਿੰਗਲਾ ਦੇ ਨਾਂ ਦੱਸੇ ਜਾ ਰਹੇ ਹਨ। ਕੈਪਟਨ ਸਰਕਾਰ ਦੇ ਮੰਤਰੀ ਮੰਡਲ ਦੇ ਸ਼ੁਰੂ ਵਿੱਚ ਸਹੁੰ ਚੁੱਕਣ ਵਾਲੇ ਰਾਣਾ ਗੁਰਜੀਤ ਸਿੰਘ ਨੂੰ ਮੁੜ ਝੰਡੀ ਵਾਲੀ ਕਾਰ ਮਿਲ ਰਹੀ ਹੈ। ਨਵੇਂ ਮੰਤਰੀਆਂ ਵਿੱਚ ਪਰਗਟ ਸਿੰਘ, ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆ, ਰਾਮ ਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ ਅਤੇ ਗੁਰਕੀਰਤ ਸਿੰਘ ਕੋਟਲੀ ਦੇ ਨਾਂ ਸ਼ਾਮਿਲ ਹਨ।

ਸਾਬਕਾ ਮੁੱਖ ਮੰਤਰੀ ਨਾਲ ਯਾਰੀ ਪਈ ਮਹਿੰਗੀ

ਦੱਸ ਦਈਏ ਕਿ ਗੁਰਕੀਰਤ ਸਿੰਘ ਕੋਟਲੀ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਹਨ। ਕੈਪਟਨ ਸਰਕਾਰ ਦੇ ਜਿਨ੍ਹਾਂ ਮੰਤਰੀਆਂ ਨੇ ਆਪਣਾ ਬਿਸਤਰਾ ਬੰਨਣਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਵਿੱਚ ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ ਦੇ ਨਾਂ ਵੱਜ ਰਹੇ ਹਨ। ਨਵੇਂ ਮੰਤਰੀ ਮੰਡਲ ਦੀ ਬਣਤਰ ‘ਤੇ ਨਜ਼ਰ ਮਾਰੀਏ ਤਾਂ ਜਿਹੜੀ ਗੱਲ ਸਾਹਮਣੇ ਉੱਭਰ ਕੇ ਆਉਂਦੀ ਹੈ ਕਿ ਹਾਈਕਮਾਂਡ ਨੇ ਸਾਰੇ ਵਰਗਾਂ ਅਤੇ ਇਲਾਕਿਆਂ ਨੂੰ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਦੇ ਕੇ ਪੰਜਾਬ ਵਿਧਾਇਕ ਦਲ ਵਿੱਚ ਧੜੇਬੰਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸਮਾਂ ਦੱਸੇਗਾ ਕਿ ਝੰਡੀ ਵਾਲੀ ਕਾਰ ਹੱਥੋਂ ਖੁੱਸਣ ਵਾਲੇ ਕੌੜਾ ਘੁੱਟ ਭਰ ਲੈਂਦੇ ਹਨ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਬਗਾਵਤ ਦਾ ਝੰਡਾ ਚੁੱਕਣਗੇ।

ਧਰਮਸੋਤ ਨੂੰ ਲੈ ਬੈਠਾ ਵਜ਼ੀਫਾ ਘਪਲਾ

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਸੱਤ ਦਿਨਾਂ ਦੌਰਾਨ ਕੀਤੀ ਮਿਹਨਤ ਲੋਕਾਂ ਨੂੰ ਜੱਫ਼ੀਆਂ ਪਾ ਕੇ ਉਨ੍ਹਾਂ ਦੇ ਢਿੱਡ ਵਿੱਚ ਵੜਣ ਸਮੇਤ ਹੋਰ ਕਈ ਕੀਤੇ ਕੰਮਾਂ ਦੀ ਚਾਰੇ ਪਾਸਿਆਂ ਤੋਂ ਪ੍ਰਸੰਸਾ ਹੋ ਰਹੀ ਹੈ। ਉਨ੍ਹਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਲੱਗਦਾ ਹੈ ਕਿ ਉਹ ਪੰਜਾਬ ਲਈ ਕੁੱਝ ਕਰਕੇ ਦਿਖਾਉਣ ਦੀ ਸਿੱਕ ਦਿਲ ਵਿੱਚ ਪਲੋਸ ਰਹੇ ਹਨ। ਦੂਜੇ ਪਾਸੇ ਮੁਲਾਜ਼ਮਾਂ ਦੇ ਪ੍ਰਦਰਸ਼ਨਾਂ ਸਮੇਤ ਪਹਾੜ ਜਿੰਨੀਆਂ ਚੁਣੌਤੀਆਂ ਉਨ੍ਹਾਂ ਦੇ ਸਾਹਮਣੇ ਜਿਉਂ ਦੀ ਤਿਉਂ ਬਰਕਰਾਰ ਹਨ।