Lok Sabha Election 2024 Punjab

“ਪ੍ਰਧਾਨ ਜੀ ਗੱਲ ਉੱਥੇ ਹੀ ਖੜੀ ਹੈ, ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੋਇਆ ਹੈ, ਤੁਸੀਂ ਕੁਰਸੀ ਛੱਡੋ!”

ਅਕਾਲੀ ਦਲ ਅੱਜ ਲੋਕ ਸਭਾ ਚੋਣ ਨਤੀਜਿਆਂ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਕੋਰ ਕਮੇਟੀ ਵਿੱਚ ਮੰਥਨ ਕਰ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਪਾਰਟੀ ਵਿੱਚ ਇੱਕ ਤੋਂ ਬਾਅਦ ਇੱਕ ਧਮਾਕੇ ਹੋ ਗਏ ਹਨ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੜ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਮੈਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਸੰਗਰੂਰ ਤੋਂ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਮਿਲਣ ਤੋਂ ਨਰਾਜ਼ ਢੀਂਡਸਾ ਨੇ ਪ੍ਰਚਾਰ ਨਹੀਂ ਕੀਤਾ ਸੀ।

ਉੱਧਰ ਬਾਗ਼ੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਕੋਰ ਕਮੇਟੀ ਵਿੱਚ ਸੱਦਾ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਨਜ਼ਦੀਕੀ ਰਹੇ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਪਾਰਟੀ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।

ਚਰਨਜੀਤ ਸਿੰਘ ਬਰਾੜ ਨੇ ਲਿਖਿਆ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ, ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾ ਦਿਉ। ਬਰਾੜ ਨੇ ਕਿਹਾ 14 ਦਸੰਬਰ 2024 ਤੱਕ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇ। ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਪ੍ਰਧਾਨ ਬਦਲਣ ‘ਤੇ ਵਿਚਾਰ ਹੋਵੇ।

ਇਸ ਤੋਂ ਇਲਾਵਾ ਬਰਾੜ ਨੇ ਕਿਹਾ ਮੈਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 14 ਦਸੰਬਰ 2023 ਨੂੰ ਪਾਰਟੀ ਦੇ ਸਥਾਪਨਾ ਦਿਹਾੜੇ ‘ਤੇ ਕਿਹਾ ਸੀ ਕਿ ਕਿ ਜਿਹੜੀ ਅਸੀਂ ਜ਼ੁਬਾਨੀ ਮੁਆਫ਼ੀ ਮੰਗੀ ਸੀ, ਉਸ ਨੂੰ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਜਾਵੇ, ਜਿਹੜੀ ਸਜ਼ਾ ਉਹ ਲਗਾਉਣ ਉਸ ਦਾ ਅਸੀਂ ਪਾਲਣ ਕਰੀਏ। ਪ੍ਰਧਾਨ ਜੀ ਗੱਲ ਉੱਥੇ ਹੀ ਖੜੀ ਹੈ, ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿੱਤੇ ਹਨ ਕਿਉਂਕਿ ਉਹ ਮਿਹਨਤ ਦੇ ਨਾਲ ਡੇਰੇ ਦੀ ਮੁਆਫ਼ੀ ਦੇ ਭਾਗੀਦਾਰ ਨਹੀਂ ਸਨ। ਚਰਨਜੀਤ ਸਿੰਘ ਬਰਾੜ ਨੇ ਕਿਹਾ ਮੈਂ ਸੁਖਬੀਰ ਸਿੰਘ ਬਾਦਲ ਕੋਲੋਂ ਕਈ ਵਾਰ ਮਿਲਣ ਦਾ ਸਮਾਂ ਮੰਗਿਆ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਹੈ।

ਬਰਾੜ ਨੇ ਤੀਜਾ ਸੁਆਝ ਪਾਰਟੀ ਦੇ ਸਲਾਹਕਾਰਾਂ ਨੂੰ ਲੈ ਕੇ ਦਿੱਤਾ ਹੈ। ਉਨ੍ਹਾਂ ਕਿਹਾ ਪਾਰਟੀ ਇੱਕ ਮਹੀਨੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮੁਆਫ਼ੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾ ਚੱਲ ਕੇ ਦੇਖ ਲਓ। ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫ਼ਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ’ਤੇ ਤੰਗਦਿਲ ਇਨਸਾਨ, ਅਫ਼ਸਰਾਂ ਤੇ ਤਨਖ਼ਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਹੈ। ਉੱਥੇ ਹੁੱਣ ਇੱਕ ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸਖ਼ਤ ਫੈਸਲੇ ਲੈ ਕੇ ਦੇਖੋ।

ਉਨ੍ਹਾਂ ਸੁਖਬੀਰ ਬਾਦਲ ਨੂੰ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਪਾਰਟੀ ਵੀ ਚੜ੍ਹਦੀ ਕਲਾ ਵਿੱਚ ਚੱਲੇਗੀ, ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ। ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ। ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਾਹਿਤ ਮੁਆਫ਼ੀ ਚਾਹੁੰਦਾਂ ਹਾਂ।

ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਬਾਜੇਕੇ ਦੀ ਵਿਗੜੀ ਸਿਹਤ, ਪਰਿਵਾਰ ਨੇ ਦਿੱਤੀ ਹੋਰ ਜਾਣਕਾਰੀ