ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਸੁਧਾਰ ਲਹਿਰ ਦੇ ਚਰਨਜੀਤ ਬਰਾੜ ਦਾ ਪ੍ਰਤੀਕਰਨ ਸਾਹਮਣੇ ਆਇਆ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਵਰਕਿੰਗ ਕਮੇਟੀ ਪੰਥਕ ਸੋਚ ਦਾ ਪਹਿਰਾ ਦਿੰਦੀ ਹੋਈ ਤੁਰੰਤ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਸਾਂਝਾ ਫੈਸਲੇ ਲਵੇ, ਫਿਰ ਚਾਹੇ ਉਹ ਪ੍ਰੋਜ਼ੀਡੀਅਮ ਦੇ ਰੂਪ ਵਿੱਚ ਹੋਵੇ ਜਾਂ ਪ੍ਰਧਾਨ ਦੇ ਰੂਪ ਵਿੱਚ।
ਬਰਾੜ ਨੇ ਇਹ ਵੀ ਕਿਹਾ ਹੈ ਕਿ ਜੋ ਲੀਡਰ ਪਾਰਟੀ ਛੱਡ ਕੇ ਗਏ ਹਨ, ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਵੀ ਵਾਪਸੀ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਥ ਇਕੱਠਾ ਹੋਏਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਤਗੜਾ ਹੋਵੇਗਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣੀ ਸੇਧ ਦਿੰਦਿਆਂ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਪੰਥਕ ਨੁਮਾਇੰਦਾ ਜਮਾਤ ਨੂੰ ਤਗੜਾ ਕਰੇ।
ਬਰਾੜ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ, ਸੁਖਬੀਰ ਬਾਦਲ ਵੱਲੋਂ ਇਹ ਬੜੀ ਦੇਰ ਨਾਲ ਚੁੱਕਿਆ ਹੋਇਆ ਕਦਮ ਹੈ। 2022 ਤੇ 2024 ਤੋਂ ਬਾਅਦ ਬੜੇ ਜ਼ੋਰ-ਸ਼ੋਰ ਨਾਲ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਗੱਲ ਉੱਠੀ ਸੀ। 2022 ਵਿੱਚ ਜਦੋਂ ਝੂੰਦਾਂ ਕਮੇਟੀ ਬਣੀ ਸੀ ਤਾਂ ਲਗਭਗ 100 ਹਲਕਿਆਂ ਦੇ ਵਰਕਰਾਂ ਦੀਆਂ ਭਾਵਨਾਵਾਂ ਸਨ ਕਿ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਬਦਲਾਅ ਹੋਣਾ ਚਾਹੀਦਾ ਹੈ। ਪਰ ਇਸ ਵਿੱਚ ਬਹੁਤ ਦੇਰ ਹੋ ਗਈ, ਇਸ ਦੌਰਾਨ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਪਾਰਟੀ ਦਾ ਗਰਾਫ ਏਨਾ ਡਿੱਗ ਗਿਆ ਕਿ 4 ਉਮੀਦਵਾਰ ਵੀ ਨਹੀਂ ਖੜੇ ਕਰ ਸਕੇ।