Punjab

ਚੰਨੀ ਵੱਲੋਂ ਗਵਰਨਰ ਹਾਊਸ ਮੂਹਰੇ ਧਰਨਾ ਦੇਣ ਦੀ ਧਮ ਕੀ

‘ਦ ਖਾਲਸ ਬਿਉਰੋ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 100 ਦਿਨ ਪੂਰੇ ਹੋਣ ਉੱਤੇ 100 ਦਿਨ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਤੋਂ ਪਹਿਲਾਂ ਉਹ 60 ਵਾਅਦੇ ਪੂਰੇ ਕਰਨ ਦਾ ਦਾਅਵਾ ਕਰ ਚੁੱਕੇ ਹਨ। ਚੰਨੀ ਨੇ ਕਿਹਾ ਕਿ 36 ਹਜ਼ਾਰ ਮੁਲਾਜ਼ਮਾ ਨੂੰ ਫੱਕੇ ਕਰਨ ਦੀ ਫਾਈਲ ਰਾਜਪਾਲ ਨੇ ਰਾਜਨੀਤਿਕ ਕਾਰਨਾਂ ਕਰਕੇ ਰੋਕੀ ਹੈ। ਉਹ ਨਿੱਜੀ ਤੌਰ ਉੱਤੇ ਰਾਜਪਾਲ ਨੂੰ ਮਿਲ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਅਗਲੇ ਦਿਨੀ ਉਹ ਮੰਤਰੀ ਮੰਡਲ ਦੇ ਸਾਥੀਆਂ ਨਾਲ ਮਿਲ ਕੇ ਮੁੜ ਮਿਲਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਜੇ ਫਾਇਲ ਕਲੀਅਰ ਨਹੀਂ ਹੁੰਦੀ ਤਾਂ ਉਹ ਗਵਰਨਰ ਹਾਊਸ ਮੂਹਰੇ ਧਰਨਾ ਦੇਣਗੇ।

ਪ੍ਰੈੱਸ ਕਾਨਫਰੰਸ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਪੁਰਾਣੇ ਫੈਸਲਿਆ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਕਮਿਸ਼ਨ ਦੇ ਨਾਲ 2500 ਰੁਪਏ ਮਿਹਨਤਾਨਾ ਹੋਰ ਦਿੱਤਾ ਜਾਵੇਗਾ। ਮਿਡ ਡੇ ਮੀਲ ਵਰਕਰਾਂ ਦੀ ਤਨਖਾਹ 2200 ਤੋਂ ਵਧਾ ਕੇ 3 ਹਜ਼ਾਰ ਕਰ ਦਿੱਤੀ ਗਈ ਹੈ। ਲੰਬੜਦਾਰੀ ਨੂੰ ਸਰਬਰਾਹੀ ਕਰਦਿਆਂ ਪੰਜ ਸਾਲਾ ਲਈ ਬੇਟੇ ਨੂੰ ਲੰਬੜਦਾਰੀ ਦਿੱਤੀ ਜਾ ਸਕਦੀ ਹੈ ਪਰ ਭਵਿੱਖ ਵਿੱਚ ਲੰਬੜਦਾਰੀ ਤਜ਼ਰਬੇ ਦੇ ਆਧਾਰ ਉੱਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਊਂਸੀਪਲ ਹੱਦ ਤੋਂ ਬਾਹਰ ਪੈਂਦੇ ਮਕਾਨ ਰੈਗੂਲਰ ਕਰ ਦਿੱਤੇ ਗਏ ਹਨ।

ਚੰਨੀ ਨੇ ਨਾਲ ਹੀ ਕਿਹਾ ਕਿ 9 ਡਿਸਪੈਂਸਰੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਬਣਾਉਣ ਅਤੇ 60 ਹੋਰ ਨੂੰ ਪ੍ਰਾਈਮਰੀ ਹੈਲਥ ਸੈਂਟਰ ਬਣਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 1075 ਮੈਡੀਕਲ ਅਫ਼ਸਰ ਭਰਤੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ 100 ਫੈਸਲੇ ਲਏ ਗਏ ਹਨ, ਉਨ੍ਹਾਂ ਦੇ ਨੋਟੀਫਿਕੇਸਨ ਜਾਰੀ ਕਰ ਦਿੱਤੇ ਗਏ ਹਨ।