‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੁਬਾਰਾ ਮੌਕਾ ਮਿਲੇ ਤਾਂ ਉਹ ਪੰਜਾਬ ਦਾ ਹੋਰ ਵਿਕਾਸ ਕਰਨਗੇ। ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀਆਂ ਨੂੰ ਸਸਤੀ ਬਿਜਲੀ, ਪਾਣੀ ਅਤੇ ਡੀਜ਼ਲ-ਪੈਟਰੋਲ ਮੁਹੱਈਆ ਕਰਵਾਇਆ ਹੈ।ਇਸਦੇ ਨਾਲ ਹੀ ਉਨ੍ਹਾਂ ਨੇ ਆਂਗਣਵਾੜੀ ਵਰਕਰ, ਆਸ਼ਾ ਵਰਕਰ, ਮਿੱਡ-ਡੇਅ ਮੀਲ ਕੁੱਕ ਆਦਿ ਦੀਆਂ ਤਨਖਾਹਾਂ ’ਚ ਵਾਧੇ ਸਮੇਤ ਆਪਣੇ 111 ਦਿਨ ਦੇ ਕਾਰਜਕਾਲ ਦੀ ਪ੍ਰਾਪਤੀਆਂ ਗਿਣਵਾਈਆਂ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਸੂਬੇ ਦੇ ਵਿਕਾਸ ਅਤੇ ਭਲਾਈ ਲਈ ਦਿਨ-ਰਾਤ ਮਿਹਨਤ ਕਰਦਿਆਂ ਕਈ ਅਹਿਮ ਫੈਸਲੇ ਲਏ ਹਨ।
ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਦੋਵੇਂ ਸੰਜੀਦਾ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਬਾਦਲ, ਕੈਪਟਨ ਅਤੇ ਕੇਜਰੀਵਾਲ ਸਾਰੇ ਰਲ ਕੇ ਉਨ੍ਹਾਂ ਨੂੰ ਦੱਬਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਹਾਸਲ ਹੈ ਤੇ ਹੌਸਲੇ ਬੁਲੰਦ ਹਨ। ਉਹ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।