Punjab

ਕੱਲ੍ਹ ਹੋਵੇਗਾ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਨਵੇਂ ਚੁਣੇ ਗਏ 27ਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜਭਵਨ ਵਿਖੇ ਮੀਡੀਆ ਨੂੰ ਕਿਹਾ ਕਿ ਕੱਲ੍ਹ ਪੰਜ ਵਜੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋਈ ਹੈ। ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਸਰਬਸੰਮਤੀ ਨਾਲ ਲਿਆ ਸੀ, ਉਸ ਬਾਰੇ ਅਸੀਂ ਅੱਜ ਰਾਜਪਾਲ ਨੂੰ ਆਪਣਾ ਦਾਅਵਾ ਪੇਸ਼ ਕੀਤਾ ਹੈ। ਰਾਜਪਾਲ ਨੇ ਕੱਲ੍ਹ 11 ਵਜੇ ਸਹੁੰ ਚੁੱਕਣ ਦਾ ਸਮਾਂ ਦਿੱਤਾ ਹੈ। ਸਹੁੰ ਚੁੱਕਣ ਤੋਂ ਬਾਅਦ ਸਾਡੀ ਪਾਰਟੀ ਦੇ ਪ੍ਰਧਾਨ, ਲੀਡਰ ਸਭ ਨੂੰ ਸੰਬੋਧਨ ਕਰਨਗੇ।

ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਅਗਲਾ 27ਵਾਂ ਮੁੱਖ ਮੰਤਰੀ ਚੁਣਿਆ ਗਿਆ ਹੈ। ਕਾਂਗਰਸ ਹਾਈਕਮਾਂਡ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਦਲਿਤ ਕਾਰਡ ਖੇਡ ਗਈ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਜਾਣਕਾਰੀ ਦਿੱਤੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਵਿਧਾਇਕ ਦਲ ਦੇ ਲੀਡਰ ਚੁਣ ਲਿਆ ਗਿਆ ਹੈ ਅਤੇ ਵਿਧਾਇਕ ਦਲ ਦਾ ਜਿਸਨੂੰ ਲੀਡਰ ਚੁਣਿਆ ਜਾਂਦਾ ਹੈ, ਉਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੁੰਦੇ ਹਨ। ਮੀਡੀਆ ਦੀਆਂ ਸਾਰੀਆਂ ਕਿਆਸ-ਅਰਾਈਆਂ, ਸਾਰੇ ਦਾਅਵੇ ਝੂਠੇ ਪੈ ਗਏ ਹਨ। ਮੀਡੀਆ ਹੁਣ ਤੱਕ ਰੌਲਾ ਪਾ ਰਿਹਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਅੱਜ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਬੈਠਕ ਹੋਣੀ ਸੀ, ਜੋ ਕਿ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ, ਵਿਧਾਇਕਾਂ ਦੀ ਆਪਸ ਵਿੱਚ ਮੀਟਿੰਗ ਹੋਈ ਸੀ, ਜਿਸ ਵਿੱਚ ਕਈ ਨਾਂਵਾਂ ਦੀ ਚਰਚਾ ਹੋਈ ਸੀ, ਜਿਸ ਵਿੱਚ ਸੁਨੀਲ ਜਾਖੜ ਦੇ ਨਾਂ ਦੀ ਵੀ ਚਰਚਾ ਹੋਈ ਸੀ ਕਿ ਹਿੰਦੂ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਮੁੱਖ ਮੰਤਰੀ ਲਈ ਬਹੁਤ ਵੱਡੇ ਪੱਧਰ ‘ਤੇ ਉਛਾਲਿਆ ਗਿਆ ਸੀ।