Punjab

ਚੰਨੀ ਦਾ ਭਾਣਜਾ ਹਨੀ ਮੁੜ ਈਡੀ ਦੇ ਸ਼ਿਕੰਜੇ ‘ਚ

ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀਆਂ ਮੁਸੀਬਤਾਂ ਹੋਰ ਵੱਧ ਰਹੀਆਂ ਹਨ । ਹਨੀ ‘ਤੇ ਉਸ ਦੇ ਸਾਥੀ ਕੁਦਰਤਦੀਪ ਦੇ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦਾ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਹੈ। ਜਿਲ੍ਹਾ ਨਵਾਂਸ਼ਹਿਰ ਵਿੱਚ ਨਾਜਾਇਜ਼ ਮਾਈਨਿੰਗ ਦਾ ਇਹ ਪਰਚਾ ਦਰਜ ਹੋਇਆ ਹੈ। ਇਥੇ ਹੋਈ ਨਾਜਾਇਜ਼ ਮਾਈਨਿੰਗ ਬਾਰੇ ਮਾਈਨਿੰਗ ਵਿਭਾਗ ਨੇ ਵੀ ਮੰਨਿਆ ਸੀ ਕਿ ਹੱਦ ਤੋਂ ਜ਼ਿਆਦਾ ਮਾਈਨਿੰਗ ਇਸ ਇਲਾਕੇ ਵਿੱਚ ਹੋਈ ਹੈ।
ਇਸ ਮਾਮਲੇ ਬਾਰੇ ਈਡੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਸੀ ਤੇ ਇਸ ਆਧਾਰ ਤੇ ਹੀ ਧਾਰਾ 379, 406, 420 ਲਗਾਈਆਂ ਗਈਆਂ ਹਨ।ਇਸ ਤੋਂ ਪਹਿਲਾਂ ਦਰਜ ਹੋਏ ਮਾਮਲੇ ਦੀ ਜਾਂਚ ਲਈ ਨਵਾਂਸ਼ਹਿਰ ਪੁਲਿਸ ਨੇ ਵੀ SIT ਬਣਾਈ ਸੀ ।ਤੁਹਾਨੂੰ ਦੱਸ ਦਈਏ ਕਿ ਭੁਪਿੰਦਰ ਹਨੀ ਇਸ ਵੇਲੇ ਜ਼ਮਾਨਤ ਤੇ ਹੈ ਪਰ ਨਵਾਂ ਦਰਜ ਹੋਇਆ ਇਹ ਮਾਮਲਾ ਉਸ ਲਈ ਨਵੀਂ ਮੁਸੀਬਤ ਖੜੀ ਕਰ ਸਕਦਾ ਹੈ।

ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੇ ਖਿਲਾਫ ਕਾਰਵਾਈ ਕਰਦਿਆਂ ਉਸ ਨੂੰ ਨਾਜਾਇਜ ਮਾਈਨਿੰਗ ਕਰਨ ਦੇ ਦੋਸ਼ਾਂ ਹੇਠ ਹਿਰਾਸਤ ਵਿੱਚ ਲੈ ਲਿਆ ਸੀ। ਗੈਰ ਕਾਨੂੰਨੀ ਰੇਤ ਖਣਨ ਮਾਮਲੇ ਵਿੱਚ ਹਨੀ ਤਿੰਨ ਫਰਵਰੀ ਨੂੰ ਗ੍ਰਿਫ਼ਤਾਰ ਹੋਇਆ ਸੀ।ਇਸ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦੇ ਟਿਕਾਣਿਆਂ ਤੇ ਈਡੀ ਨੇ ਛਾਪੇ ਮਾਰੀ ਕੀਤੀ ਸੀ ਤੇ ਇਸ ਦੋਰਾਨ 10 ਕਰੋੜ ਦੀ ਨਕਦੀ,ਸੋਨਾ,ਮਹਿੰਗੀਆਂ ਘੜੀਆਂ-ਗੱਡੀਆਂ ਅਤੇ ਜਾਇਦਾਦ ਦੇ ਕਾਗਜ਼ ਮਿਲੇ ਸੀ। ਜਿਸ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਣਜਾਣਤਾ ਦਿਖਾਈ ਸੀ ਤੇ ਕਿਹਾ ਸੀ ਕਿ ਹਨੀ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ।

ਭੁਪਿੰਦਰ ਸਿੰਘ ਨੇ ਤਲਾਸ਼ੀ ਦੌਰਾਨ ਆਪਣੇ ਬਿਆਨ ਵਿੱਚ ਮੰਨਿਆ ਸੀ ਕਿ ਸਾਰੀ ਨਕਦੀ ਜੋ ਉਸ ਦੇ ਅਲਗ-ਅਲਗ ਟਿਕਾਣਿਆਂ ਤੋਂ ਮਿਲੀ ਹੈ,ਉਸ ਨਾਲ ਸਬੰਧਤ ਹੈ ਤੇ ਇਹ ਸਾਰੀ ਰਕਮ ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ ਦੁਆਰਾ ਕਮਾਈ ਗਈ ਹੈ ।ਜਿਸ ਵਿੱਚ ਮਾਈਨਿੰਗ ਫਾਈਲਾਂ ਦੀ ਕਲੀਅਰੈਂਸ ਅਤੇ ਅਧਿਕਾਰੀਆਂ ਦੇ ਤਬਾਦਲੇ ਸ਼ਾਮਲ ਹਨ।

ਭੁਪਿੰਦਰ ਸਿੰਘ ‘ਤੇ ਪੰਜਾਬ ਵਿੱਚ ਸਰਕਾਰੀ ਅਧਿਕਾਰੀਆਂ ਦੇ ਤਬਾਦਲੇ ਕਰਕੇ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਦੇ ਇਲਜ਼ਾਮ ਵੀ ਹਨ। ਈਡੀ ਨੂੰ ਸ਼ੱਕ ਹੈ ਕਿ ਚੰਨੀ ਦਾ ਭਤੀਜਾ ਪੈਸਿਆਂ ਦੇ ਬਦਲੇ ਸਰਕਾਰੀ ਅਧਿਕਾਰੀਆਂ ਦੀ ਪੋਸਟਿੰਗ ਕਰਨ ਲਈ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰ ਰਿਹਾ ਸੀ ਜਿਸ ਤੋਂ ਉਸ ਨੇ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਜਦੋਂ ਕਿ ਬਾਕਿ ਦੇ ਕਰੀਬ 6 ਤੋਂ 7 ਕਰੋੜ ਰੁਪਏ ਸੂਬੇ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਰਾਹੀਂ ਕਮਾਏ ਸਨ।ਨ