India Punjab

“ਪਿਆਰ ਨਾਲ ਬੋਲਣ ਵਾਲਾ “ਭਈਆ”, ਅਪਮਾਨ ਕਰਨ ਵਾਲੇ ਨੂੰ ਯਾਦ ਕਰਾਵਾਂਗੇ “ਮਈਆ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਯੂਪੀ ਅਤੇ ਬਿਹਾਰ ਦੇ ਲੋਕਾਂ ਬਾਰੇ ਦਿੱਤੀ ਗਈ ਟਿੱਪਣੀ ‘ਤੇ ਹੁਣ ਵਿਵਾਦ ਭਖਦਾ ਨਜ਼ਰ ਆ ਰਿਹਾ ਹੈ। ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਇਸ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਬਿਹਾਰ ਦੇ ਲੋਕਾਂ ਦੀ ਕਿੰਨੀ ਵੱਡੀ ਭੂਮਿਕਾ ਹੈ, ਬਿਹਾਰ ਦੇ ਲੋਕਾਂ ਨੇ ਕਿੰਨੀ ਸੇਵਾ ਕੀਤੀ ਹੈ। ਮੈਨੂੰ ਤਾਂ ਹੈਰਾਨੀ ਹੋ ਰਹੀ ਹੈ ਕਿ ਇਸ ਤਰ੍ਹਾਂ ਦੀ ਗੱਲ ਲੋਕ ਕਿਵੇਂ ਬੋਲ ਦਿੰਦੇ ਹਨ।

ਬੀਜੇਪੀ ਨੇਤਾ ਕਪਿਲ ਮਿਸ਼ਰਾ ਨੇ ਵੀ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਯੂਪੀ, ਬਿਹਾਰ ਦੇ ਲੋਕਾਂ ਦੇ ਪਸੀਨੇ ਅਤੇ ਖ਼ੂਨ ‘ਤੇ ਤੁਹਾਡੇ ਮਹਿਲ ਬਣੇ ਹਨ। ਪਿਆਰ ਨਾਲ ਬੋਲਣ ਵਾਲਾ “ਭਈਆ” (“भैया”) ਹੈ ਪਰ ਅਪਮਾਨ ਕਰਨ ਵਾਲੇ ਨੂੰ ਯਾਦ ਕਰਾ ਦਿੰਦੇ ‘ਮਈਆ’ (“मैया”) ਹੈਂ। ਪ੍ਰਿਅੰਕਾ ਗਾਂਧੀ ਜੀ, ਤੁਹਾਡੀ ਤਾੜੀਆਂ ਅਤੇ ਅਪਮਾਨ ਭਰੇ ਹਾਸੇ ਨੂੰ ਯੂਪੀ, ਬਿਹਾਰ ਦੇ ਲੋਕ ਭੁੱਲਣਗੇ ਨਹੀਂ। ਅਸੀਂ ਯੂਪੀ, ਬਿਹਾਰ ਵਾਲੇ ਬਣਾਉਣਾ ਜਾਣਦੇ ਹਾਂ ਤਾਂ ਹਟਾਉਣਾ ਵੀ ਜਾਣਦੇ ਹਾਂ।

ਦਰਅਸਲ, ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਸਾਹਮਣੇ ਯੂਪੀ, ਬਿਹਾਰ ਅਤੇ ਦਿੱਲੀ ਦੇ ਲੋਕਾਂ ਨੂੰ ਬਈਆ ਕਹਿ ਕੇ ਸੰਬੋਧਿਤ ਕੀਤਾ ਸੀ। ਇਸ ਬਿਆਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਵਿੱਚ ਹੈ। ਇਸ ਵੀਡੀਓ ਵਿੱਚ ਚੰਨੀ ਇਹ ਸਭ ਕਹਿ ਰਹੇ ਹਨ ਅਤੇ ਪ੍ਰਿਅੰਕਾ ਗਾਂਧੀ ਤਾੜੀਆਂ ਵਜਾ ਰਹੇ ਹਨ।

ਇਸ ਵੀਡੀਓ ਵਿੱਚ ਚੰਨੀ ਇਹ ਕਹਿੰਦੇ ਹੋਏ ਦਿਸ ਰਹੇ ਹਨ ਕਿ ਪ੍ਰਿਅੰਕਾ ਗਾਂਧੀ ਵੀ ਪੰਜਾਬਣਾ ਹੈ ਅਤੇ ਪੰਜਾਬ ਦੀ ਬਹੂ ਹੈ। ਸਾਰੇ ਪੰਜਾਬੀ ਇੱਕ ਹੋ ਜਾਓ। ਅਸੀਂ ਯੂਪੀ, ਬਿਹਾਰ ਅਤੇ ਦਿੱਲੀ ਦੇ ਬਈਆ ਜੋ ਪੰਜਾਬ ਵਿੱਚ ਰਾਜ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਘੁਸਣ ਨਹੀਂ ਦੇਵਾਂਗੇ।