Punjab

ਚੰਨੀ ਨੇ ਪਾਣੀ ਦੇ ਬਿੱਲਾਂ ਨੂੰ ਲੈ ਕੇ ਕੀਤੇ ਕਈ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਲਏ ਗਏ ਮਹੱਤਵਪੂਰਨ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਚੰਨੀ ਨੇ ਸ਼ਹਿਰਾਂ ਵਿੱਚ 700 ਕਰੋੜ ਰੁਪਏ ਲੋਕਾਂ ਦਾ ਜੋ ਪਾਣੀ ਦਾ ਪੁਰਾਣਾ ਬਕਾਇਆ ਖੜ੍ਹਾ ਹੈ, ਉਸਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ। ਜਿਨ੍ਹਾਂ ਦੀ ਪਾਣੀ ਦੀ ਟੈਂਕੀ ‘ਤੇ ਟਿਊਬਵੈੱਲ ਲੱਗਾ ਹੋਇਆ ਹੈ, ਉਨ੍ਹਾਂ ਸਾਰਿਆਂ ਦਾ ਬਿੱਲ ਪੰਜਾਬ ਸਰਕਾਰ ਭਰਿਆ ਕਰੇਗੀ। 125 ਗਜ ਦੇ ਮਕਾਨਾਂ ਦੇ ਪਾਣੀ ਦੇ ਬਿੱਲ ਪਹਿਲਾ ਵਾਂਗ ਹੀ ਮੁਆਫ ਰਹਿਣਗੇ। ਪੂਰੇ ਪੰਜਾਬ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਾਸਤੇ ਘੱਟੋ-ਘੱਟ 50 ਰੁਪਏ ਪਾਣੀ ਦੇ ਬਿੱਲ ਦੀ ਕੀਮਤ ਤੈਅ ਕੀਤੀ ਗਈ ਹੈ। ਪਿੰਡਾਂ ਵਿੱਚ ਪਾਣੀ ਦੇ ਟਿਊਬਵੈੱਲਾਂ ਦੇ ਬਿੱਲ 1168 ਕਰੋੜ ਦੇ ਮੁਆਫ ਕੀਤੇ ਗਏ ਹਨ ਅਤੇ ਟੈਂਕੀਆਂ ਵਾਲੀ ਮੋਟਰਾਂ ਦੇ ਬਿੱਲ ਵੀ ਪੰਜਾਬ ਸਰਕਾਰ ਭਰੇਗੀ। ਪਿੰਡਾਂ ਦੇ ਲੋਕਾਂ ਦਾ ਪਿਛਲੇ ਬਿੱਲ ਤੱਕ ਜਿੰਨਾ ਬਕਾਇਆ ਹੈ, ਉਨ੍ਹਾਂ ਦਾ ਬਿੱਲ ਮੁਆਫ ਕੀਤਾ ਜਾਵੇਗਾ। ਸ਼ਹਿਰਾਂ ਦੇ ਵਾਟਰ ਵਰਕਰਸ ਦਾ ਬਿੱਲ ਹੁਣ ਕਮੇਟੀ ਭਰੇਗੀ।

ਚੰਨੀ ਨੇ ਚੌਥਾ ਦਰਜਾ ਮੁਲਾਜ਼ਮਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਰੈਗੂਲਰ ਭਰਤੀਆਂ ਕੀਤੀਆਂ ਜਾਣਗੀਆਂ। ਠੇਕੇ ‘ਤੇ ਕੋਈ ਭਰਤੀ ਨਹੀਂ ਕੀਤੀ ਜਾਵੇਗੀ। ਚੰਨੀ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਫੈਸਲਾ ਕਰ ਦਿੱਤਾ ਸੀ ਕਿ ਜੋ ਏ, ਬੀ ਅਤੇ ਸੀ ਕਲਾਸ ਦੇ ਆਈਏਐੱਸ ਹਨ, ਉਹ ਰੈਗੂਲਰ ਭਰਤੀ ਹੋਣਗੇ ਪਰ ਡੀ ਕਲਾਸ ਦੇ ਅਧਿਕਾਰੀ ਜਿਸ ਵਿੱਚ ਚਪੜਾਸੀ, ਡਰਾਈਵਰ ਆਦਿ ਸ਼ਾਮਿਲ ਹਨ, ਬਾਰੇ ਕੋਈ ਖਾਸ ਪ੍ਰਬੰਧ ਨਹੀਂ ਹੈ। ਪਰ ਹੁਣ ਕਲਾਸ ਡੀ ਦੀਆਂ ਭਰਤੀਆਂ ਵੀ ਰੈਗੂਲਰ ਹੋਣਗੀਆਂ। ਇਸ ਮੌਕੇ ਚੰਨੀ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਕਦੇ ਖਾਲੀ ਨਹੀਂ ਹੁੰਦਾ। ਜੋ ਵਿਰੋਧੀ ਕਹਿੰਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ, ਅਸੀਂ ਸੂਬੇ ਦਾ ਖ਼ਜ਼ਾਨਾ ਖਾਲੀ ਨਹੀਂ ਹੋਣ ਦੇਣਾ। ਅਸੀਂ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ, ਸਹੀ ਸਹੂਲਤਾਂ, ਵਧੀਆ ਪੜਾਈ ਦੇਣ ਲਈ ਵਚਨਬੱਧ ਹਾਂ।

ਚੰਨੀ ਨੇ ਕਿਹਾ ਕਿ ਭਾਵੇਂ 18 ਨੁਕਾਤੀ ਏਜੰਡਾ ਹੋਵੇ ਜਾਂ 13 ਨੁਕਾਤੀ ਏਜੰਡਾ ਹੋਵੇ, ਹਾਈਕਮਾਨ ਦੇ ਹਰ ਨੁਕਤੇ ‘ਤੇ ਕੰਮ ਕਰ ਰਹੇ ਹਾਂ। ਚੰਨੀ ਨੇ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦਾ ਘੇਰਾ ਵਧਾਏ ਜਾਣ ਦੇ ਫੈਸਲੇ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਇਸ ਫੈਸਲੇ ਦੇ ਖਿਲਾਫ ਹਾਂ ਅਤੇ ਇਸ ਮਾਮਲੇ ‘ਤੇ ਸਪੈਸ਼ਲ ਕੈਬਨਿਟ ਮੀਟਿੰਗ ਬੁਲਾ ਰਹੇ ਹਾਂ। ਇਸ ਤਰ੍ਹਾਂ ਦੇ ਫੈਸਲੇ ਸੂਬੇ ਨਾਲ ਸਲਾਹ ਕਰਨ ਤੋਂ ਬਿਨਾਂ ਨਹੀਂ ਲਏ ਜਾਣੇ ਚਾਹੀਦੇ। ਮੈਂ ਗ੍ਰਹਿ ਮੰਤਰੀ ਨੂੰ ਇਸ ਬਾਰੇ ਚਿੱਠੀ ਵੀ ਲਿਖੀ ਹੈ। ਜ਼ਰੂਰਤ ਪਈ ਤਾਂ ਆਲ ਪਾਰਟੀ ਮੀਟਿੰਗ ਕਰਾਂਗੇ। ਅਸੀਂ ਬਾਕੀ ਪਾਰਟੀਆਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਕਿਉਂਕਿ ਇਹ ਸਾਰੇ ਪੰਜਾਬ ਦੀ ਲੜਾਈ ਹੈ। ਜੇ ਫਿਰ ਵੀ ਜ਼ਰੂਰਤ ਪਈ ਤਾਂ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਜਾਵੇਗਾ। ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਕਿ ਇਹ ਇੱਕ ਸੰਦੇਵਨਸ਼ੀਲ ਮੁੱਦਾ ਹੈ, ਇਹ ਪੂਰੇ ਸੂਬੇ ਦੀ ਗੱਲ ਹੈ। ਇਸ ਕਰਕੇ ਇਸਨੂੰ ਭੜਕਾਊ ਸ਼ਬਦਾਂ ਵਿੱਚ ਪੇਸ਼ ਨਾ ਕੀਤਾ ਜਾਵੇ। ਅਸੀਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ। ਸੂਬੇ ਵਿੱਚ ਅੱਤ ਵਾਦ ਵਰਗੀ ਭੜਕਾਹਟ ਭੜਕਾਉਣ ਦੀ ਲੋੜ ਨਹੀਂ ਹੈ, ਅਸੀਂ ਇੱਦਾਂ ਨਹੀਂ ਹੋਣ ਦਿਆਂਗੇ।