ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਦਰਜ ਹੋਏ ਕੇਸ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਤੰਜ ਕੱਸਿਆ ਹੈ। ਚੰਨੀ ਨੇ ਕਿਹਾ ਕਿ ਪੈਸੇ ਡੀਸੀ ਨੇ ਦਿੱਤੇ ਹਨ ਤੇ ਕੰਮ ਅਫਸਰਾਂ ਨੇ ਕੀਤਾ ਹੈ ਪਰ ਹਮਦਰਦ ਦਾ ਘੁਟਾਲੇ ਨਾਲ ਕੀ ਲੈਣਾ ਦੇਣਾ ਹੈ? ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੱਤਰਕਾਰੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਵਿੱਚ ਕਹਾਵਤ ਹੈ ਕਿ ਜਲੰਧਰ ਪ੍ਰੈਸ ਦੀ ਸ਼ਾਨ ਹੈ। ਦੇਸ਼ ਦੇ ਕਈ ਵੱਡੇ ਮੀਡੀਆ ਗਰੁੱਪ ਇਸ ਸ਼ਹਿਰ ਤੋਂ ਉੱਭਰੇ ਹਨ। ਇਸੇ ਕਰਕੇ ਜਲੰਧਰ ਨੂੰ ਮੀਡੀਆ ਦੀ ਸ਼ਾਨ ਕਿਹਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਹਮਦਰਦ ਖ਼ਿਲਾਫ਼ ਐਫਆਈਆਰ ਦਰਜ ਕਰਕੇ ਸਰਕਾਰ ਨੇ ਦਿਖਾਇਆ ਹੈ ਕਿ ਉਹ ਮੀਡੀਆ ’ਤੇ ਵੀ ਹਮਲਾ ਕਰ ਸਕਦੀ ਹੈ। ਸੂਬਾ ਸਰਕਾਰ ਵੱਲੋਂ ਹਮਦਰਦ ਵਰਗੇ ਪੱਤਰਕਾਰ ਖ਼ਿਲਾਫ਼ ਐਫਆਈਆਰ ਦਰਜ ਕਰਨਾ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰੈਸ ਨੂੰ ਦਬਾਉਣ ਲਈ ਹਮਦਰਦ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ। ਪਿਛਲੇ ਇੱਕ ਸਾਲ ਤੋਂ ਸਰਕਾਰ ਵੱਲੋਂ ਹਮਦਰਦ ਨੂੰ ਕਾਫੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਖੁਦ ਸੈਰ-ਸਪਾਟਾ ਮੰਤਰੀ ਰਿਹਾ ਹਾਂ। ਅੱਜ ਤੱਕ ਮੈਂ ਮਹਿਸੂਸ ਨਹੀਂ ਕੀਤਾ ਕਿ ਹਮਦਰਦ ਕਿਸੇ ਵੀ ਤਰ੍ਹਾਂ ਨਾਲ ਕਿਸੇ ਕੇਸ ਵਿੱਚ ਸ਼ਾਮਲ ਸੀ।