Punjab

ਸਿੱਧੂ ਦੇ ਸਵਾਲਾਂ ਦਾ ਚੰਨੀ ਨੇ ਦਿੱਤਾ ਜਵਾਬ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜਨਤਕ ਨਿਸ਼ਾਨਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਿੱਧੇ ਹੋ ਗਏ ਹਨ। ਸ੍ਰੀ ਚਮਕੌਰ ਸਾਹਿਬ ਪਹੁੰਚੇ ਮੁੱਖ ਮੰਤਰੀ ਚੰਨੀ ਨੇ ਜਿੱਥੇ ਸਿੱਧੂ ਦੇ ਇਲ ਜ਼ਾਮਾਂ ਦਾ ਜਵਾਬ ਦਿੱਤਾ ਹੈ, ਉੱਥੇ ਹੀ ਅਕਾਲੀਆਂ ਨੂੰ ਵੀ ਰਗੜੇ ਲਾਏ ਹਨ। ਨਵਜੋਤ ਸਿੱਧੂ ਨੇ ਦੋ ਮੁੱਦਿਆਂ ਦੀ ਗੱਲ ਕੀਤੀ ਸੀ ਕਿ ਜੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਦਾ ਹੱਲ ਨਹੀਂ ਕਰੋਗੇ ਤਾਂ ਹਾਲ ਕੈਪਟਨ ਵਾਲਾ ਹੀ ਹੋਵੇਗਾ ਅਤੇ ਚੰਨੀ ਨੇ ਅੱਜ ਦੋਵੇਂ ਮੁੱਦਿਆਂ ਦੇ ਜਵਾਬ ਦੇ ਦਿੱਤੇ ਹਨ।

ਸਿੱਧੂ ਦੇ ਸਵਾਲਾਂ ਦੇ ਦਿੱਤੇ ਜਵਾਬ

ਚੰਨੀ ਨੇ ਕਿਹਾ ਕਿ ਨਸ਼ਿਆਂ ਦਾ ਮਸਲਾ ਹੱਲ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਨਾ ਤਾਂ ਮੈਂ ਸੌਣਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਸੌਣ ਦੇਣਾ ਹੈ, ਜਿਨ੍ਹਾਂ ਨੇ ਨਸ਼ਾ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਵਰਗਲਾਇਆ ਹੈ। ਚਰਨਜੀਤ ਸਿੰਘ ਚੰਨੀ ਨੇ ਸਿੱਧੂ ਦੇ ਉਸ ਸਵਾਲ ਦਾ ਵੀ ਜਵਾਬ ਦਿੱਤਾ ਹੈ, ਜਿਹੜਾ ਸਿੱਧੂ ਨੇ ਕਿਹਾ ਸੀ ਕਿ ਰਿਪੋਰਟ ਜਨਤਕ ਕਰਨ ਦੀ ਜੇ ਹਿੰਮਤ ਨਹੀਂ ਹੈ ਤਾਂ ਮੈਨੂੰ ਜ਼ਿੰਮਾ ਦਿਉ ਮੈਂ ਜਨਤਕ ਕਰਾਂਗਾ, ਤਾਂ ਚੰਨੀ ਨੇ ਪੱਕੇ ਪੈਰੀਂ ਜਵਾਬ ਦਿੱਤਾ ਹੈ ਕਿ ਐੱਸਟੀਐਫ ਦੀ ਰਿਪੋਰਟ ਅਗਲੀ ਸੁਣਵਾਈ ‘ਤੇ 18 ਨਵੰਬਰ ਨੂੰ ਖੁੱਲ੍ਹ ਜਾਵੇਗੀ। ਬੇਅਦਬੀ ਦਾ ਮਸਲਾ ਹੱਲ ਕਰਕੇ ਰਹਾਂਗੇ।

ਚੰਨੀ ਹੋਏ ਭਾਵੁਕ

ਆਪਣਿਆਂ ਦੇ ਹਮਲਿਆਂ ਤੋਂ ਛਲਨੀ ਹੋਏ ਚੰਨੀ ਭਾਵੁਕ ਹੋਏ ਵੀ ਨਜ਼ਰ ਆਏ। ਚੰਨੀ ਨੇ ਕਿਹਾ ਕਿ ਮੈਂ ਗਰੀਬ ਹੋ ਸਕਦਾ ਹਾਂ, ਗਰੀਬ ਪਰਿਵਾਰ ਵਿੱਚੋਂ ਹੋ ਸਕਦਾ ਹਾਂ ਪਰ ਕਮਜ਼ੋਰ ਨਹੀਂ ਹਾਂ। ਜੋ ਵੀ ਮਸਲੇ ਹਨ, ਜਦੋਂ ਸਿੰਘਾਂ ਨੂੰ ਹੱਥ ਪਾ ਕੇ ਕਰਾਂਗਾ ਤਾਂ ਇਸ ਤਰ੍ਹਾਂ ਮਸਲੇ ਹੱਲ ਕਰਾਂਗਾ ਕਿ ਲੋਕ ਆਪ ਕਹਿਣਗੇ ਕਿ ਘਰ-ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ।

ਅਕਾਲੀ ਦਲ ‘ਤੇ ਕੱਸਿਆ ਨਿਸ਼ਾਨਾ

ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਹ ਹਰੇਕ ਚੀਜ਼ ਨੂੰ ਰਾਜਨੀਤਿਕ ਸ਼ੀਸ਼ੇ ਦੇ ਵਿੱਚੋਂ ਦੀ ਵੇਖਦੇ ਹਨ, ਇਨ੍ਹਾਂ ਨੂੰ ਪੰਥ ਨਾਲ ਕੋਈ ਸਰੋਕਾਰ ਨਹੀਂ ਹੈ। ਇਹ ਆਪਣੇ ਹਿੱਤ ਲਈ ਬੇਅਦਬੀ ਵੀ ਕਰਵਾ ਸਕਦੇ ਹਨ। ਇਨ੍ਹਾਂ ਨੇ 10 ਸਾਲ ਚਮਕੌਰ ਸਾਹਿਬ ਵਿਖੇ ਥੀਮ ਪਾਰਕ ਦਾ ਕੰਮ ਰੋਕ ਕੇ ਰੱਖਿਆ। 14 ਨਵੰਬਰ ਨੂੰ ਥੀਮ ਪਾਰਕ ਦਾ ਉਦਘਾਟਨ ਕੀਤਾ ਜਾਵੇਗਾ। ਚੰਨੀ ਨੇ ਚਮਕੌਰ ਸਾਹਿਬ ਦੇ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਜਹਾਜ਼ ‘ਤੇ ਚੜਨ ਦਾ ਮੌਕਾ ਦਿੱਤਾ। ਤੁਸੀਂ ਹੀ ਮੇਰੇ ਹੱਥਾਂ ਦੀਆਂ ਲਕੀਰਾਂ ਬਦਲੀਆਂ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਸਤਲਜੁ ਦਰਿਆ ਦੇ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ ਰੱਖਿਆ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਮੈਂ, ਮੇਰਾ ਪਰਿਵਾਰ, ਮੇਰੀ ਕੁਲ ਅਤੇ ਹਲਕਾ ਬਹੁਤ ਖੁਸ਼ ਹੈ ਅਤੇ ਹਲਕੇ ਦੀ ਇਹ ਮੰਗ ਪੂਰੀ ਹੋਈ ਹੈ। ਇਸ ਪੁਲ ਨੂੰ ਬਣਾਉਣ ਦਾ ਮੇਰਾ ਸੁਪਨਾ ਸੀ, ਜੋ ਕਿ ਅੱਜ ਪੂਰਾ ਹੋਇਆ ਹੈ। ਚੰਨੀ ਨੇ ਕਿਹਾ ਕਿ ਸਾਡੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪੁਲ ਲਈ ਪੈਸਾ ਜਾਰੀ ਕੀਤਾ ਹੈ, ਜਿਸ ਕਰਕੇ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। 1.15 ਕਰੋੜ ਰੁਪਏ ਖਰਚ ਆਉਣਗੇ ਅਤੇ ਜੇਕਰ ਮੇਰੇ ਰੱਬ ਨੂੰ ਮਨਜੂਰ ਹੋਇਆ ਤਾਂ ਇੱਕ ਸਾਲ ਵਿੱਚ ਇਹ ਪੁਲ ਪੂਰਾ ਹੋ ਜਾਵੇਗਾ।