Punjab

ਸੂਰੀ ਦੇ ਸਸਕਾਰ ਦਾ ਬਦਲਿਆ ਸਮਾਂ, ਐਤਵਾਰ 12 ਵਜੇ ਦੀ ਬਜਾਏ ਹੁਣ ਇਸ ਸਮੇਂ ਕੀਤਾ ਜਾਵੇਗਾ ਸਸਕਾਰ

Shiv Sena leader Sudhir Suri,

ਅੰਮ੍ਰਿਤਸਰ :  ਸ਼ਿਵ ਸੈਨਾ ਦੇ ਆਗੂ  ਸੁਧੀਰ ਸੂਰੀ ਦੇ ਕਤਲ ਨੂੰ ਲੈ ਕੇ ਪੰਜਾਬ ‘ਚ ਹੰਗਾਮਾ ਮਚਿਆ ਹੋਇਆ ਹੈ। ਪੋਸਟਮਾਰਟਮ ਤੋਂ ਬਾਅਦ ਸੁਧੀਰ ਸੂਰੀ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਭਾਰੀ ਪੁਲਿਸ ਫੋਰਸ ਦੇ ਨਾਲ ਲਿਆਂਦਾ ਤੇ ਸ਼ਿਵ ਸੈਨਿਕ ਭਾਰੀ ਗਿਣਤੀ ਵਿਚ ਸੂਰੀ ਦੇ ਘਰ ਪਹੁੰਚੇ ਸਨ। ਪਰਿਵਾਰਕ ਮੈਂਬਰ ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਸਸਕਾਰ ਕਰਨ ਲਈ ਤਿਆਰ ਹੋ ਗਏ ਸਨ। ਹੁਣ ਸੂਰੀ ਦੇ ਸਸਕਾਰ ਦਾ ਸਮਾਂ ਬਦਲ ਕੇ ਐਤਵਾਰ ਦੁਪਹਿਰ 12 ਵਜੇ ਦੀ ਬਜਾਏ 10 ਵਜੇ ਕਰ ਦਿੱਤਾ ਗਿਆ ਹੈ।। ਸੂਰੀ ਦੇ ਘਰ ਇਸ ਸਮੇਂ ਮਾਤਮ ਛਾਇਆ ਹੋਇਆ ਹੈ ਤੇ ਪੂਰੇ ਇਲਾਕੇ ਵਿਚ ਲੋਕ ਸਹਿਮੇ ਹੋਏ ਹਨ। ਸਸਕਾਰ ਤੋਂ ਪਹਿਲਾਂ ਸ਼ਵ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਦੁਰਗਿਆਨਾ ਮੰਦਿਰ ਤੱਕ ਕੱਢੀ ਜਾਵੇਗੀ।

ਸਵੇਰ ਤੋਂ ਸੂਰੀ ਦੀ ਹੱਤਿਆ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਸ਼ਿਵ ਸੈਨਿਕਾਂ ਵਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਹਿੰਦੂ ਰੀਤੀ ਰਿਵਾਜ਼ਾਂ ਦੇ ਤਹਿਤ ਸੂਰਜ ਅਸਤ ਹੋਣ ਤੋਂ ਬਾਅਦ ਸਸਕਾਰ ਨਹੀਂ ਕੀਤਾ ਜਾਂਦਾ ਹੈ, ਜਿਸਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੂਰੀ ਦੇ ਸਸਕਾਰ ਦਾ ਸਮਾਂ ਐਤਵਾਰ ਸਵੇਰੇ 10 ਵਜੇ ਦਾ ਤਹਿ ਕੀਤਾ ਹੈ।

ਮੰਨੀਆਂ ਗਈਆਂ ਮੰਗਾਂ

ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੀ ਮੰਗ ਉੱਤੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਕਮੇਟੀ ਬਣਾ ਕੇ ਇਹ ਮੰਗ ਕੇਂਦਰ ਸਰਕਾਰ ਕੋਲ ਭੇਜੀ ਜਾਵੇਗੀ। ਸਾਰੀਆਂ ਜਥੇਬੰਦੀਆਂ ਇਸ ਮੰਗ ਨੂੰ ਲਿਖਤੀ ਤੌਰ ਉੱਤੇ ਕਮੇਟੀ ਨੂੰ ਦੇਵੇਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸਨੂੰ ਕੇਂਦਰ ਸਰਕਾਰ ਕੋਲ ਭੇਜੇਗੀ। ਪਰਿਵਾਰ ਨੇ ਕਿਹਾ ਕਿ ਸੂਰੀ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਾਨੂੰ ਤੁਹਾਡਾ ਸਾਰਿਆਂ ਦਾ ਮੁੜ ਸਾਥ ਚਾਹੀਦਾ ਹੋਵੇਗਾ।

  • ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇਗੀ
  • ਪਰਿਵਾਰ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ
  • ਅੰਮ੍ਰਿਤਪਾਲ ਦਾ ਨਾਂ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ
  • ਜਾਂਚ ਵਿੱਚ ਜਿਸਦਾ ਵੀ ਨਾਂ ਸਾਹਮਣੇ ਆਇਆ, ਉਸ ਖਿਲਾਫ਼ ਜਾਂਚ ਕੀਤੀ ਜਾਵੇਗੀ।

ਪਰਿਵਾਰ ਲੰਘੇ ਕੱਲ੍ਹ ਹੀ ਸੂਰੀ ਦਾ ਸਸਕਾਰ ਕਰਨ ਲਈ ਰਾਜੀ ਹੋ ਗਿਆ ਸੀ ਪਰ ਸਮਰਥਕਾਂ ਨੇ ਪਰਿਵਾਰ ਨੂੰ ਸਸਕਾਰ ਕਰਨ ਤੋਂ ਰੋਕ ਦਿੱਤਾ। ਸਮਰਥਕਾਂ ਨੇ ਤਰਕ ਦਿੱਤਾ ਕਿ ਸੂਰਜ ਛੁਪਣ ਤੋਂ ਬਾਅਦ ਸਸਕਾਰ ਨਹੀਂ ਹੋ ਸਕਦਾ।

ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਮੰਦਰ ਵਿੱਚ ਬੇਅਦਬੀ ਦੇ ਖਿਲਾਫ਼ ਧਰਨੇ ‘ਤੇ ਬੈਠੇ ਸਨ ਕਿ ਇੱਕ ਸ਼ਖ਼ਸ ਨੇ ਉਨ੍ਹਾਂ ‘ਤੇ ਗੋਲੀਆਂ ਚੱਲਾ ਦਿੱਤੀਆਂ। ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ । ਹੁਣ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਸੂਰੀ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ ਪਰ ਸੂਰੀ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਸੰਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਉਹ ਇਸੇ ਇਲਾਕੇ ਵਿੱਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ।