‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਟੋਹਾਣਾ ਥਾਣੇ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਅੱਗੇ ਦੀ ਰਣਨੀਤੀ ਬਾਰੇ ਦੱਸਦਿਆਂ ਕਿਹਾ ਕਿ ਹਰਿਆਣਾ ਵਿੱਚ ਅੱਜ ਕਿਸਾਨਾਂ ਨੇ ਜੋ ਸਾਰੇ ਥਾਣਿਆਂ ਦਾ ਘਿਰਾਉ ਕਰਨਾ ਸੀ, ਉਹ ਅੱਜ ਨਹੀਂ ਕੀਤਾ ਜਾਵੇਗਾ। ਟਿਕੈਤ ਨੇ ਕਿਹਾ ਕਿ ਪੁਲਿਸ ਨੇ ਕੱਲ੍ਹ ਰਾਤ 1 ਵਜੇ ਦੋ ਕਿਸਾਨਾਂ ਵਿਕਾਸ ਸੀਸਰ ਅਤੇ ਰਵੀ ਆਜ਼ਾਦ ਨੂੰ ਰਿਹਾਅ ਕਰ ਦਿੱਤਾ ਹੈ ਪਰ ਹਾਲੇ ਵੀ ਇੱਕ ਕਿਸਾਨ ਮੱਖਣ ਸਿੰਘ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ। ਇਸ ਲਈ ਅੱਜ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਟਿਕੈਤ ਨੇ ਕਿਹਾ ਕਿ ਅਸੀਂ ਹਰਿਆਣਾ ਪ੍ਰਸ਼ਾਸਨ ਕੋਲ ਕਿਸਾਨਾਂ ‘ਤੇ ਦਰਜ ਕੀਤੇ ਗਏ ਮੁਕੱਦਮੇ ਵਾਪਿਸ ਲੈਣ ਦੀ ਮੰਗ ਰੱਖੀ ਹੈ ਅਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਾਂ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਹਾਂ ਕਿ ਉਹ ਕਿਸਾਨਾਂ ਦੇ ਨਾਲ ਠੀਕ ਵਿਵਹਾਰ ਕਰੇ ਕਿਉਂਕਿ ਸਾਡੀ ਲੜਾਈ ਵੱਡੀ ਹੈ। ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣੇ ਹਨ, ਤੁਹਾਡੇ ਨਾਲ ਬਾਅਦ ਵਿੱਚ ਨਿਪਟਿਆ ਜਾਵੇਗਾ।