‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕੈਂਡ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਨਵੇਂ ਹੁਕਮਾਂ ਮੁਤਾਬਕ ਵੀਕੈਂਡ ਕਰਫਿਊ ਸ਼ਨੀਵਾਰ ਭਾਵ ਕੱਲ੍ਹ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਗਰਭਵਤੀ ਔਰਤਾਂ ਜਾਂ ਮਰੀਜ਼ਾਂ ਨੂੰ ਮੈਡੀਕਲ ਸਹੂਲਤਾਂ ਮਿਲਦੀਆਂ ਰਹਿਣਗੀਆਂ।
ਕੀ ਹਨ ਨਵੇਂ ਹੁਕਮ
- ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ, ਜਿਵੇਂ ਕਿ ਦੁੱਧ, ਬ੍ਰੈੱਡ, ਸਬਜ਼ੀਆਂ, ਫਲ, ਆਂਡੇ, ਮੀਟ, ਬੇਕਰੀ ਆਦਿ ਦੁਕਾਨਾਂ ਦੁਪਹਿਰ 2 ਵਜੇ ਤੱਕ ਸਿਰਫ ਹੋਮ ਡਿਲਿਵਰੀ ਕਰਨ ਲਈ ਹੀ ਖੁੱਲ੍ਹੀਆਂ ਰਹਿਣਗੀਆਂ।
- ਮੈਨੂਫੈਕਚਰਿੰਗ ਯੂਨਿਟ ਜਾਂ ਇੰਡਸਟਰੀਆਂ ਖੁੱਲ੍ਹ ਸਕਦੀਆਂ ਹਨ। ਇਨ੍ਹਾਂ ਯੂਨਿਟ ਜਾਂ ਇੰਡਸਟਰੀਆਂ ਦੇ ਕਰਮਚਾਰੀ ਆਪਣੇ ਵਹੀਕਲਾਂ ‘ਤੇ ਆ-ਜਾ ਸਕਦੇ ਹਨ। ਹਾਲਾਂਕਿ, ਇਨ੍ਹਾਂ ਕਰਮਚਾਰੀਆਂ ਕੋਲ ਆਪਣੀ ਇੰਡਸਟਰੀ ਵੱਲੋਂ ਦਿੱਤਾ ਗਿਆ ਕੋਈ ਪਛਾਣ ਪੱਤਰ ਹੋਣਾ ਲਾਜ਼ਮੀ ਹੋਵੇਗਾ।
- ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ‘ਤੇ ਜ਼ਰੂਰੀ ਅਤੇ ਗੈਰ-ਜ਼ਰੂਰੀ ਚੀਜ਼ਾਂ ਦੀ ਸਪਲਾਈ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
- ਪ੍ਰਾਈਵੇਟ ਅਤੇ ਪਬਲਿਕ ਸੈਕਟਰਾਂ ਵਿੱਚ ਏ.ਟੀ.ਐੱਮ., ਹਸਪਤਾਲ, ਵੈਟਰਨਰੀ ਹਸਪਤਾਲ ਅਤੇ ਹੋਰ ਸਬੰਧਿਤ ਮੈਡੀਕਲ ਦੁਕਾਨਾਂ, ਜਿਵੇਂ ਕਿ ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਫਾਰਮੇਸੀਆਂ, ਕੈਮਿਸਟ, ਨਰਸਿੰਗ ਹੋਮ, ਐਂਬੂਲੈਂਸਾਂ ਆਮ ਵਾਂਗ ਜਾਰੀ ਰਹਿਣਗੀਆਂ।
- ਰੈਸਟੋਰੈਂਟ, ਹੋਟਲ, ਫੂਡ ਜੁਆਇੰਟਸ ਸਿਰਫ ਹੋਮ ਡਿਲਿਵਰੀ ਲਈ ਰਾਤ ਨੂੰ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਇਨ੍ਹਾਂ ਹੋਟਲਾਂ ਦੇ ਕਰਮਚਾਰੀਆਂ ਕੋਲ ਪਛਾਣ ਪੱਤਰ ਹੋਣਾ ਲਾਜ਼ਮੀ ਹੋਵੇਗਾ।
- ਗਰਭਵਤੀ ਔਰਤਾਂ ਅਤੇ ਮਰੀਜ਼ ਇਲਾਜ ਲਈ ਹਸਪਤਾਲਾਂ ਵਿੱਚ ਜਾ ਸਕਦੇ ਹਨ।
- ਯਾਤਰੀਆਂ ਨੂੰ ਏਅਰਪੋਰਟ ਜਾਂ ਰੇਲਵੇ ਸਟੇਸ਼ਨਾਂ ਤੋਂ ਆਉਣ-ਜਾਣ ਦੀ ਕੋਈ ਮਨਾਹੀ ਨਹੀਂ ਹੋਵੇਗੀ।
- ਵਿਆਹ ਵਰਗੇ ਪ੍ਰੋਗਰਾਮਾਂ ਵਿੱਚ ਸਿਰਫ 50 ਲੋਕ ਹੀ ਸ਼ਾਮਿਲ ਹੋ ਸਕਦੇ ਹਨ।
- ਜਿਨ੍ਹਾਂ ਵਿਦਿਆਰਥੀਆਂ ਦੇ ਇਮਤਿਹਾਨ ਹਨ, ਉਹ ਆਪਣੇ ਪਛਾਣ ਪੱਤਰ ਦੇ ਨਾਲ ਸਫਰ ਕਰ ਸਕਦੇ ਹਨ।
- ਸਾਰੇ ਵੈਕਸੀਨੇਸ਼ਨ ਸੈਂਟਰ, ਟੈਸਟਿੰਗ ਸੈਂਟਰ, ਡਿਸਪੈਂਸਰੀਆਂ ਖੁੱਲੀਆਂ ਰਹਿਣਗੀਆਂ।
- ਸਵੇਰ ਸਮੇਂ ਦੀ ਸੈਰ ਸਵੇਰੇ 6 ਵਜੇ ਤੋਂ 9 ਵਜੇ ਤੱਕ ਹੀ ਕੀਤੀ ਜਾਵੇਗੀ। ਇਸ ਦੌਰਾਨ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ।