India Lok Sabha Election 2024

ਨਾਇਡੂ ਚੌਥੀ ਵਾਰ ਬਣੇ CM, ਪਵਨ ਕਲਿਆਣ ਨੇ ਡਿਪਟੀ CM ਵਜੋਂ ਚੁੱਕੀ ਸਹੁੰ, PM ਮੋਦੀ ਸਮੇਤ ਇਹ ਲੀਡਰ ਰਹੇ ਮੌਜੂਦ

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੁਪਰੀਮੋ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਤੋਂ ਬਾਅਦ ਜਨਸੇਨਾ ਦੇ ਮੁਖੀ ਅਤੇ ਅਦਾਕਾਰ ਪਵਨ ਕਲਿਆਣ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 25 ਮੈਂਬਰ ਹੋਣਗੇ। ਟੀਡੀਪੀ ਦੇ 20 ਮੰਤਰੀ, ਪਵਨ ਕਲਿਆਣ ਸਮੇਤ ਜਨਸੇਨਾ ਦੇ 3 ਅਤੇ ਭਾਜਪਾ ਦੇ ਇੱਕ ਮੰਤਰੀ ਸ਼ਾਮਲ ਹੋਣਗੇ। ਇੱਕ ਅਹੁਦਾ ਖਾਲੀ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਜੇਵਾੜਾ ਵਿੱਚ ਹੋਏ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾਇਆ। ਇਸ ਦੇ ਨਾਲ ਹੀ ਟੀਡੀਪੀ ਦੇ ਰਾਸ਼ਟਰੀ ਜਨਰਲ ਸਕੱਤਰ ਨਾਰਾ ਲੋਕੇਸ਼ ਨੇ ਆਂਧਰਾ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

ਨਾਇਡੂ ਦੇ ਮੰਤਰੀ ਮੰਡਲ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਟੀਡੀਪੀ ਦੇ ਜਨਰਲ ਸਕੱਤਰ ਨਾਰਾ ਲੋਕੇਸ਼, ਸੂਬਾ ਪ੍ਰਧਾਨ ਕੇ. ਅਚੰਨਾਇਡੂ ਅਤੇ ਜਨਸੇਨਾ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਨਦੇਂਦਲਾ ਮਨੋਹਰ ਸ਼ਾਮਲ ਹਨ। ਟੀਡੀਪੀ ਮੰਤਰੀਆਂ ਵਿੱਚ 17 ਨਵੇਂ ਚਿਹਰੇ ਹਨ। ਬਾਕੀ 3 ਪਹਿਲਾਂ ਵੀ ਮੰਤਰੀ ਰਹਿ ਚੁੱਕੇ ਹਨ।

ਜਨਸੇਨਾ ਪਾਰਟੀ ਦੇ ਤਿੰਨ ਮੰਤਰੀ ਪਵਨ ਕਲਿਆਣ, ਨਦੇਂਦਲਾ ਮਨੋਹਰ ਅਤੇ ਕੰਦੂਲਾ ਦੁਰਗੇਸ਼ ਹਨ। ਸੱਤਿਆ ਕੁਮਾਰ ਯਾਦਵ ਇਕੱਲੇ ਭਾਜਪਾ ਵਿਧਾਇਕ ਹਨ ਜੋ ਮੰਤਰੀ ਵਜੋਂ ਸਹੁੰ ਚੁੱਕਣਗੇ। ਮੰਤਰੀ ਮੰਡਲ ਵਿੱਚ ਤਿੰਨ ਔਰਤਾਂ ਹਨ। ਸੀਨੀਅਰ ਨੇਤਾ ਐੱਨ ਮੁਹੰਮਦ ਫਾਰੂਕ ਹੀ ਮੁਸਲਿਮ ਚਿਹਰਾ ਹਨ।

ਲੋਕ ਸਭਾ ਚੋਣਾਂ ਦੇ ਨਾਲ ਹੀ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਈਆਂ। ਟੀਡੀਪੀ, ਜਨ ਸੈਨਾ ਅਤੇ ਭਾਜਪਾ ਵਾਲੇ ਐਨਡੀਏ ਗਠਜੋੜ ਨੇ 175 ਵਿਧਾਨ ਸਭਾ ਸੀਟਾਂ ਵਿੱਚੋਂ 164 ਸੀਟਾਂ ਜਿੱਤੀਆਂ ਹਨ।