India

ਚੰਡੀਗੜ੍ਹ ’ਚ ਇੱਕ ਸ਼ਖਸ ਦੇ ਕੱਟੇ 132 ਚਲਾਨ! ਟਰੈਫਿਕ ਪੁਲਿਸ ਨੇ ਚਲਾਨ ਵਸੂਲਣ ਲਈ ਲੱਭਿਆ ਨਵਾਂ ਤਰੀਕਾ

ਬਿਉਰੋ ਰਿਪੋਰਟ – ਚੰਡੀਗੜ੍ਹ ਟਰੈਫ਼ਿਕ ਪੁਲਿਸ (CHANDIGARH TRAFFICE POLICE) ਦੇਸ਼ ਦੀ ਸਭ ਤੋਂ ਸਖ਼ਤ ਪੁਲਿਸ ਮੰਨੀ ਜਾਂਦੀ ਹੈ। ਈ ਚਲਾਨ (E-CHALLAN) ਡੇਟਾਬੇਸ ਵਿੱਚ ਵੱਧ ਰਹੀ ਗਿਣਤੀ ਨੂੰ ਵੇਖ ਦੇ ਹੋਏ ਟਰੈਫ਼ਿਕ ਪੁਲਿਸ ਨੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਹੁਣ ਤੱਕ ਚਲਾਨ ਦਾ ਪੈਸਾ ਜਮ੍ਹਾ ਨਹੀਂ ਕਰਵਾਇਆ ਹੈ। ਇਸ ਦੇ ਲਈ ਚੰਡੀਗੜ੍ਹ ਪੁਲਿਸ ਨੇ ਅਜਿਹੇ ਚਲਾਨ ਭਰਨ ਵਾਲਿਆਂ ਨੂੰ ਇੱਕ ਹੀ ਅਦਾਲਤ ਵਿੱਚ ਨਿਪਟਾਰਾ ਕਰਨ ਦਾ ਬਦਲ ਦਿੱਤਾ ਸੀ ਜਿਸ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇੱਕ ਸ਼ਖਸ ਦੇ 132 ਚਲਾਨ ਕੱਟੇ ਗਏ ਸਨ ਜਿਨ੍ਹਾਂ ਦਾ ਨਿਪਟਾਰਾ ਉਸ ਨੇ 26,100 ਰੁਪਏ ਜ਼ੁਰਮਾਨਾ ਭਰ ਕੇ ਕੀਤਾ। ਯਾਨੀ 132 ਵਾਰ ਉਸ ਸ਼ਖਸ ਨੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜੇ ਉਹ ਹਰ ਇੱਕ ਚਾਲਾਨ ਲਈ ਵੱਖ-ਵੱਖ ਵਾਰ ਪੇਸ਼ ਹੁੰਦਾ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਚੱਕਰ ਕੱਟਣੇ ਪੈਂਦੇ ਪਰ ਇੱਕ ਹੀ ਵਾਰ ਵੀ ਉਸ ਨੇ ਸਾਰੇ ਚਲਾਨ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਤੋਂ ਇਲਾਵਾ 706 ਹੋਰ ਗੱਡੀਆਂ ਦੇ 1,33,800 ਰੁਪਏ ਦਾ ਜ਼ੁਰਮਾਨਾ ਇਕੱਠਾ ਕੀਤਾ ਗਿਆ ਹੈ।

ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਚਲਾਨ ਦਾ ਬਕਾਇਆ ਜ਼ੁਰਮਾਨ ਵਸੂਲਣ ਦੇ ਲਈ ਇਸ ਨੂੰ ਵੱਖ-ਵੱਖ ਗੇੜ੍ਹ ਵਿੱਚ ਸ਼ੁਰੂ ਕੀਤਾ ਹੈ। ਇਹ ਇਸ ਦਾ ਪਹਿਲਾ ਗੇੜ ਸੀ, ਪੁਲਿਸ ਆਪ ਚਲਾਨ ਦੇਣ ਵਾਲੇ ਲੋਕਾਂ ਦੇ ਨਾਲ ਸੰਪਰਕ ਕਰ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 29 ਸਥਿਤ ਟਰੈਫ਼ਿਕ ਲਾਇਸੈਂਸ ਦੀ ਚਲਾਨ ਬ੍ਰਾਂਚ ਵਿੱਚ ਜਾਕੇ ਉਹ ਆਪਣੇ ਚਲਾਨ ਦਾ ਨਿਪਟਾਰਾ ਕਰ ਸਕਦੇ ਹਨ।

ਸਿਰਫ਼ ਏਨਾ ਹੀ ਨਹੀਂ, ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਗੱਡੀਆਂ ਦੇ ਮਾਲਕ ਚਲਾਨ ਦਾ ਨਿਪਟਾਰਾ ਜਲਦੀ ਨਾਲ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੀਆਂ ਗੱਡੀਆਂ ਦਾ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਰੱਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੱਡੀਆਂ ਜ਼ਬਤ ਵੀ ਕੀਤੀਆਂ ਜਾ ਸਕਦੀਆਂ ਹਨ।