ਬਿਊਰੋ ਰਿਪੋਰਟ (29 ਅਗਸਤ, 2025): ਚੰਡੀਗੜ੍ਹ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੀਤੇ ਦਿਨ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਜਿਸ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧ ਗਿਆ। ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1163 ਫੁੱਟ ਨੂੰ ਟੱਪ ਗਿਆ ਜਿਸ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਕੁੱਲ ਤਿੰਨ ਫਲੱਡ ਗੇਟਾਂ ਵਿੱਚੋਂ ਦੋ ਖੋਲ੍ਹ ਦਿੱਤੇ ਹਨ।
ਹਾਸਲ ਜਾਣਕਾਰੀ ਮੁਤਾਬਕ ਦੇਰ ਰਾਤ ਸੁਖਨਾ ਝੀਲ ਵਿੱਚ ਇੱਕਦਮ ਵਾਧੂ ਆ ਜਾਣ ਕਰਕੇ ਝੀਲ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਕਰਕੇ ਯੂਟੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਤੜਕੇ 3.45 ਵਜੇ ਦੇ ਕਰੀਬ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਝੀਲ ਦਾ ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀ, ਜਿਸ ਕਾਰਨ ਫਲੱਡ ਗੇਟ ਖੋਲ੍ਹਣ ਤੋਂ ਬਿਨ੍ਹਾਂ ਕੋਈ ਹੋਰ ਵਿਕਲਪ ਨਹੀਂ ਸੀ। ਇਹ ਕਦਮ ਝੀਲ ਦੇ ਬੰਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕੈਚਮੈਂਟ ਇਲਾਕੇ ਤੋਂ ਆ ਰਹੇ ਭਾਰੀ ਪਾਣੀ ਦੇ ਵਹਾਅ ਨੂੰ ਨਿਯੰਤਰਿਤ ਕਰਨ ਲਈ ਚੁੱਕਿਆ ਗਿਆ।
ਚੰਡੀਗੜ੍ਹ ਪ੍ਰਸ਼ਾਸਨ ਨੇ ਹੇਠਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਵੀ ਚੇਤਾਵਨੀ ਦਿੱਤੀ ਹੈ ਕਿਉਂਕਿ ਪਾਣੀ ਛੱਡਣ ਨਾਲ ਹੇਠਲੇ ਹਿੱਸਿਆਂ ਵਿੱਚ ਵਹਾਅ ਵੱਧ ਸਕਦਾ ਹੈ। ਐਮਰਜੈਂਸੀ ਟੀਮਾਂ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਦੱਸ ਦੇਈਏ ਯੂਟੀ ਪ੍ਰਸ਼ਾਸਨ ਵੱਲੋਂ ਇਸ ਸੀਜ਼ਨ ਵਿੱਚ 6ਵੀਂ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਤੋਂ ਪਹਿਲਾਂ ਚਾਰ ਵਾਰ ਇੱਕ ਫਲੱਡ ਗੇਟ ਖੋਲ੍ਹਿਆ ਗਿਆ ਸੀ ਜਦੋਂ ਕਿ ਇਕ ਵਾਰ ਦੋ ਫਲੱਡ ਗੇਟ ਖੋਲ੍ਹੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਲੰਘੀ ਰਾਤ 35.8 ਐੱਮਐੱਮ ਅਤੇ ਮੁਹਾਲੀ ਵਿੱਚ 79 ਐੱਮਐੱਮ ਮੀਂਹ ਪਿਆ ਹੈ।