Punjab

ਚੰਡੀਗੜ੍ਹ ਸੈਕਟਰ 32 ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਸਬੰਧੀ ਧਮਕੀ ਭਰੀ ਮੇਲ ਵੀ ਭੇਜੀ ਗਈ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪੁਲਿਸ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਬੰਬ ਨਿਰੋਧਕ ਦਸਤੇ ਵੀ ਉਥੇ ਪਹੁੰਚ ਗਏ ਹਨ। ਸੈਕਟਰ 32 ਵਿੱਚ ਇੱਕ ਮੈਂਟਲ ਹੈਲਥ ਇੰਸਟੀਚਿਊਟ ਹੈ, ਜਿਸ ਨੂੰ ਉਡਾਉਣ ਦੀ ਧਮਕੀ ਮਿਲੀ ਹੈ।

ਧਮਕੀ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਮੁਤਾਬਕ ਇਹ ਕੋਈ ਸ਼ਰਾਰਤ ਹੋ ਸਕਦੀ ਹੈ ਪਰ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੁਰੱਖਿਆ ਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪੁਲਿਸ ਮੁਤਾਬਕ ਇਹ ਮੇਲ ਸਵੇਰੇ 9.40 ਵਜੇ ਆਇਆ ਸੀ।

ਮੇਲ ਵਿੱਚ ਕੁਝ ਵੀ ਨਹੀਂ ਲਿਖਿਆ ਗਿਆ ਹੈ ਕਿ ਧਮਕੀ ਦੇਣ ਵਾਲਾ ਕੌਣ ਹੈ। ਨੇੜੇ ਹੀ ਰਿਹਾਇਸ਼ੀ ਇਲਾਕਾ ਹੈ, ਇਸ ਲਈ ਪੁਲਿਸ ਪੂਰੀ ਸਾਵਧਾਨੀ ਵਰਤ ਰਹੀ ਹੈ। ਧਮਕੀ ਵਿੱਚ ਲਿਖਿਆ ਗਿਆ ਸੀ ਕਿ ਮੈਂਟਲ ਹਸਪਤਾਲ ਵਿੱਚ ਬੰਬ ਰੱਖਿਆ ਗਿਆ ਹੈ।

ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਪੂਰੇ ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮਰੀਜ਼ਾਂ ਨੂੰ ਕਿਸੇ ਹੋਰ ਥਾਂ ‘ਤੇ ਭੇਜ ਦਿੱਤਾ ਗਿਆ ਹੈ। ਪਾਰਕਿੰਗ ਏਰੀਆ ਤੋਂ ਲੈ ਕੇ ਵਾਰਡ ਤੱਕ ਚੈਕਿੰਗ ਕੀਤੀ ਜਾ ਰਹੀ ਹੈ। ਬੰਬ ਸਕੁਐਡ ਦੇ ਨਾਲ-ਨਾਲ ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਦੀਆਂ ਧਮਕੀਆਂ ਹੋਰ ਹਸਪਤਾਲਾਂ ਨੂੰ ਵੀ ਮਿਲੀਆਂ ਹਨ। ਫਿਲਹਾਲ ਚੰਡੀਗੜ੍ਹ ਸਥਿਤ ਇੰਸਟੀਚਿਊਟ ‘ਚ ਬੰਬ ਦੀ ਮੌਜੂਦਗੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਭੇਜੀ ਗਈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਬੰਬ ਜਲਦੀ ਹੀ ਫਟ ਜਾਵੇਗਾ। ਉੱਥੇ ਦੇ ਸਾਰੇ ਲੋਕ ਮਾਰੇ ਜਾਣਗੇ। ਇਸ ਮੇਲ ਦੀ ਕਾਪੀ ਕਈ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ। ਪੁਲਿਸ ਨੇ ਸਿਵਲ ਡਿਫੈਂਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਟੈਂਡਬਾਏ ‘ਤੇ ਰੱਖਿਆ ਹੈ। ਅੰਦਰੋਂ ਪੂਰੇ ਸਟਾਫ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ।