India

ਚੰਡੀਗੜ੍ਹ ਪੁਲਿਸ ਦੇ IT ਕਾਂਸਟੇਬਲ ਦਾ ਜਲਦ ਹੋਵੇਗਾ ਫਿਜ਼ੀਕਲ! ਚੋਣ ਜ਼ਾਬਤੇ ਕਾਰਨ ਨਹੀਂ ਹੋ ਸਕਿਆ ਸੀ ਟੈਸਟ

ਚੰਡੀਗੜ੍ਹ ਪੁਲਿਸ ਦੇ 144 ਆਈਟੀ ਕਾਂਸਟੇਬਲਾਂ ਦੀ ਭਰਤੀ ਲਈ ਜਲਦ ਹੀ ਫਿਜ਼ੀਕਲ ਟੈਸਟ ਲਿਆ ਜਾਵੇਗਾ। ਚੋਣ ਜ਼ਾਬਤੇ ਕਾਰਨ ਕਾਂਸਟੇਬਲ ਐਗਜ਼ੀਕਿਊਟਿਵ (IT) ਦਾ ਫਿਜ਼ੀਕਲ ਟੈਸਟ ਮੁਲਤਵੀ ਕਰ ਦਿੱਤਾ ਗਿਆ ਸੀ।

ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਲਿਖਤੀ ਪ੍ਰੀਖਿਆ ਦੇ ਨਤੀਜੇ ਜਾਰੀ ਕਰਨ ਤੋਂ ਬਾਅਦ 27 ਮਾਰਚ ਤੋਂ ਸਰੀਰਕ ਟੈਸਟ ਸ਼ੁਰੂ ਹੋਣੇ ਸਨ। ਲੋਕ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਅਤੇ 144 ਕਾਂਸਟੇਬਲ ਕਾਰਜਕਾਰੀ (IT) ਦੀ ਭਰਤੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ।

ਜੁਆਇੰਟ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਟੀਮ ਦਾ ਨੋਡਲ ਸੈਂਟਰ

ਚੰਡੀਗੜ੍ਹ ਪੁਲਿਸ ਦੇ ਆਈਟੀ ਕਾਂਸਟੇਬਲ ਸਾਈਬਰ ਆਪ੍ਰੇਸ਼ਨ ਤੇ ਸੁਰੱਖਿਆ ਵਿੱਚ ਬੈਠਣਗੇ ਅਤੇ ਉੱਤਰੀ ਖੇਤਰ ਵਿੱਚ ਹੋ ਰਹੇ ਸਾਈਬਰ ਅਪਰਾਧ ਦੇ ਮਾਮਲਿਆਂ ਨੂੰ ਹੱਲ ਕਰਨਗੇ। ਇਨ੍ਹਾਂ ਦਾ ਕੰਮ ਗੁੰਝਲਦਾਰ ਸਾਈਬਰ ਅਪਰਾਧਾਂ ਨੂੰ ਹੱਲ ਕਰਨਾ, ਫੋਰੈਂਸਿਕ ਜਾਂਚ ਅਤੇ ਸਾਈਬਰ ਅਪਰਾਧਾਂ ਵਿਰੁੱਧ ਸੁਰੱਖਿਆ ਪ੍ਰਦਾਨ ਕਰਨਾ ਹੋਵੇਗਾ।

ਸਾਈਬਰ ਮਾਮਲਿਆਂ ਨੂੰ ਹੱਲ ਕਰਨ ਲਈ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਨਾਲ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨਾ ਆਸਾਨ ਹੋ ਜਾਵੇਗਾ। ਚੰਡੀਗੜ੍ਹ ਜੁਆਇੰਟ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਟੀਮ ਦਾ ਨੋਡਲ ਕੇਂਦਰ ਹੈ।

ਹੁਣ ਚੋਣ ਜ਼ਾਬਤਾ ਹਟਣ ਤੋਂ ਬਾਅਦ ਜਲਦ ਹੀ ਫਿਜ਼ੀਕਲ ਟੈਸਟ ਦੀ ਤਰੀਕ ਦਾ ਐਲਾਨ ਹੋ ਸਕਦਾ ਹੈ। ਇਸ ਸਬੰਧੀ ਭਰਤੀ ਬੋਰਡ ਦੇ ਅਧਿਕਾਰੀ ਡੀਜੀਪੀ ਨਾਲ ਗੱਲਬਾਤ ਕਰਕੇ ਫਿਜ਼ੀਕਲ ਟੈਸਟ ਦੀ ਤਰੀਕ ਦਾ ਐਲਾਨ ਕਰਨਗੇ। ਸੈਕਟਰ-18 ਸਥਿਤ ਸਾਈਬਰ ਆਪਰੇਸ਼ਨ ਤੇ ਸਕਿਓਰਿਟੀ ਵਿੱਚ ਆਈਟੀ ਕਾਂਸਟੇਬਲ ਤਾਇਨਾਤ ਕੀਤੇ ਜਾਣਗੇ।

ਇਸ ਸਮੇਂ ਸੈਕਟਰ-18 ਸਥਿਤ ਸਾਈਬਰ ਆਪਰੇਸ਼ਨਸ ਐਂਡ ਸਕਿਓਰਿਟੀ ਸੈਂਟਰ ਨੂੰ ਸ਼ੁਰੂਆਤੀ ਤੌਰ ‘ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਚਲਾਇਆ ਜਾ ਰਿਹਾ ਹੈ। ਭਰਤੀ ਤੋਂ ਬਾਅਦ, ਆਈਟੀ ਕਾਂਸਟੇਬਲਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਤਾਇਨਾਤ ਕੀਤਾ ਜਾਵੇਗਾ। ਡੀਆਰਡੀਓ ਪਹਿਲੇ ਤਿੰਨ ਸਾਲਾਂ ਲਈ ਕੇਂਦਰ ਵਿੱਚ ਕੰਮ ਕਰੇਗਾ। ਇਸ ਤੋਂ ਬਾਅਦ ਕੇਂਦਰ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ – ਹੁਣ ਮੋਬਾਈਲ ‘ਤੇ ਨਜ਼ਰ ਆਵੇਗਾ ਹਰ ਕਾਲਰ ਦਾ ਨਾਮ, ਮੁੰਬਈ-ਹਰਿਆਣਾ ‘ਚ ਟ੍ਰਾਇਲ ਸ਼ੁਰੂ