ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਇਕ ਵਿਅਕਤੀ ਨੂੰ ਗ਼ਲਤ ਲੇਨ ਦਾ ਚਲਾਨ ਜਾਰੀ ਕੀਤਾ ਅਤੇ ਗੂਗਲ ਪੇ ਸਕੈਨਰ ਤੋਂ ਚਲਾਨ ਦੀ ਰਕਮ ਵੀ ਲੈ ਲਈ, ਪਰ ਇਹ ਰਕਮ ਦੀਪਕ ਜਨਰਲ ਸਟੋਰ ਦੇ ਖਾਤੇ ਵਿਚ ਚਲੀ ਗਈ। ਜਿਸ ਵਿਅਕਤੀ ਦਾ ਟਰੈਫ਼ਿਕ ਪੁਲਿਸ ਨੇ ਚਲਾਨ ਜਾਰੀ ਕੀਤਾ ਹੈ, ਉਸ ਦਾ ਕਹਿਣਾ ਹੈ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਹੜਾ Revenue Model ਹੈ।
ਦਰਅਸਲ, ਇਹ ਵਿਅਕਤੀ ਦੋਪਹੀਆ ਵਾਹਨ ਚਾਲਕਾਂ ਲਈ ਬਣੀ ਲੇਨ ਵਿੱਚ ਕਾਰ ਲੈ ਗਿਆ ਸੀ। ਜਿਸ ਤੋਂ ਬਾਅਦ ਟਰੈਫ਼ਿਕ ਪੁਲਿਸ ਮੁਲਾਜ਼ਮਾਂ ਨੇ ਇਸ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਉਸ ਨੂੰ ਚਲਾਨ ਵਜੋਂ 500 ਰੁਪਏ ਦੇਣ ਲਈ ਕਿਹਾ ਗਿਆ। ਇਸ ਵਿਅਕਤੀ ਨੂੰ Google Pay ਦੇ ਸਕੈਨਰ ਰਾਹੀਂ ਰਕਮ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਜਦੋਂ ਇਸ ਵਿਅਕਤੀ ਨੇ ਜਾਂਚ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਇਹ ਰਕਮ ਕਿਸੇ ਦੀਪਕ ਜਨਰਲ ਸਟੋਰ ਵਿੱਚ ਟਰਾਂਸਫ਼ਰ ਹੋ ਚੁੱਕੀ ਹੈ।
ਇਸ ਤੋਂ ਬਾਅਦ ਇਸ ਵਿਅਕਤੀ ਨੇ ਅਦਾਇਗੀ ਦਾ ਸਕਰੀਨ ਸ਼ਾਟ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਸਾਂਝਾ ਕੀਤਾ। ਜਾਣਕਾਰੀ ਮੁਤਾਬਕ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੇ ਇਹ ਗ਼ਲਤ ਮੋੜ 16 ਜਨਵਰੀ ਨੂੰ ਪੁਰਾਣਾ ਏਅਰਪੋਰਟ ਲਾਈਟ ਪੁਆਇੰਟ ਬਹਿਲਾਣਾ ਨੇੜੇ ਲਿਆ ਸੀ। ਇਸ ਤੋਂ ਬਾਅਦ ਮੌਕੇ ’ਤੇ ਖੜ੍ਹੇ ਟਰੈਫ਼ਿਕ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ ਅਤੇ ਸਕੈਨਰ ਰਾਹੀਂ ਚਲਾਨ ਭਰਨ ਲਈ ਕਿਹਾ। ਇਹ ਅਦਾਇਗੀ ਦੀਪਕ ਜਨਰਲ ਸਟੋਰ ਦੇ ਖਾਤੇ ਵਿੱਚ 16 ਜਨਵਰੀ ਨੂੰ ਸ਼ਾਮ 5:12 ਵਜੇ ਕੀਤੀ ਗਈ ਸੀ। ਸ਼ਿਕਾਇਤ ਤੋਂ ਬਾਅਦ ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਸ਼ਿਕਾਇਤਕਰਤਾ ਤੋਂ ਘਟਨਾ ਦੀ ਮਿਤੀ, ਸਮਾਂ ਆਦਿ ਦੀ ਜਾਣਕਾਰੀ ਮੰਗੀ, ਜੋ ਮੁਹੱਈਆ ਕਰਵਾਈ ਗਈ।