ਸੰਯੁਕਤ ਕਿਸਾਨ ਮੋਰਚਾ ਅੱਜ ਤੋਂ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਗਾ ਵਿਰੋਧ ਪ੍ਰਦਰਸ਼ਨ ਕਰੇਗਾ। ਇਸ ਲਈ ਕਿਸਾਨ ਟਰੈਕਟਰ-ਟਰਾਲੀਆਂ ਵਿਚ ਚੰਡੀਗੜ੍ਹ ਵੱਲ ਕੂਚ ਕਰ ਰਹੇ ਹਨ। ਇਸ ਦੇ ਨਾਲ ਹੀ, ਚੰਡੀਗੜ੍ਹ ਪੁਲਿਸ ਨੇ ਆਪਣੀਆਂ ਸਰਹੱਦਾਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਨੇ ਲਗਭਗ 1,500 ਕਰਮਚਾਰੀ ਤਾਇਨਾਤ ਕੀਤੇ ਹਨ। ਰਿਜ਼ਰਵ ਫੋਰਸ ਤਾਇਨਾਤ ਕਰਨ ਦੀਆਂ ਵੀ ਤਿਆਰੀਆਂ ਹਨ। ਇਸ ਤੋਂ ਪਹਿਲਾਂ, ਚੰਡੀਗੜ੍ਹ ਪੁਲਿਸ ਨੇ ਇਕ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਵਿਚ ਲੋਕਾਂ ਨੂੰ 12 ਸੜਕਾਂ ਤੋਂ ਨਾ ਜਾਣ ਸਲਾਹ ਦਿੱਤੀ ਗਈ ਸੀ।
ਚੰਡੀਗੜ੍ਹ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ
ਇਸ ਵਿੱਚ ਜ਼ੀਰਕਪੁਰ ਬੈਰੀਅਰ, ਫੈਦਾ ਬੈਰੀਅਰ, ਸੈਕਟਰ-48-49 ਵਾਲੀ ਸੜਕ, ਸੈਕਟਰ-49 ਤੇ 50 ਵਾਲੀ ਸੜਕ, ਸੈਕਟਰ-50 ਤੇ 51 ਵਾਲੀ ਸੜਕ (ਜੇਲ੍ਹ ਰੋਡ), ਸੈਕਟਰ- 51 ਤੇ 52 ਵਾਲੀ ਸੜਕ (ਮਟੌਰ ਬੈਰੀਅਰ), ਸੈਕਟਰ-52 ਤੇ 53 ਵਾਲੀ ਸੜਕ (ਕਜਹੇੜੀ ਚੌਕ), ਸੈਕਟਰ- 53 ਤੇ 54 ਵਾਲੀ ਸੜਕ (ਫਰਨੀਚਰ ਮਾਰਕੀਟ), ਸੈਕਟਰ-54 ਤੇ 55 ਵਾਲੀ ਸੜਕ (ਬਡਹੇੜੀ ਬੈਰੀਅਰ), ਸੈਕਟਰ- 55 ਤੇ 56 ਵਾਲੀ ਸੜਕ (ਪਲਸੋਰਾ ਬੈਰੀਅਰ), ਨਵਾਂ ਗਰਾਓਂ ਬੈਰੀਅਰ ਅਤੇ ਮੁੱਲਾਂਪੁਰ ਬੈਰੀਅਰ ਸ਼ਾਮਲ ਹਨ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਲੋਕਾਂ ਨੂੰ 5 ਮਾਰਚ ਵਾਲੇ ਦਿਨ ਇਨ੍ਹਾਂ 12 ਸੜਕਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ।
ਪਿੰਡ ਮੁੱਲਾਂਪੁਰ ਗਰੀਬਦਾਸ ਅਤੇ ਚੰਡੀਗੜ੍ਹ ਦੇ ਹੈੱਡ ਬੈਰੀਅਰ ਚੌਕ ਕੋਲ ਚੰਡੀਗੜ੍ਹ ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਪੁਲੀਸ ਨਫਰੀ ਤਾਇਨਾਤ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਦਾਖਲੇ ਵਾਲੇ ਹੋਰ ਰਾਸਤਿਆਂ ਜਿਵੇਂ ਡੱਡੂਮਾਜਰਾ, ਮਲੋਆ, ਨਵਾਂ ਗਰਾਉਂ, ਕਾਂਸਲ, ਪੜ੍ਹਛ ਵਾਲੇ ਮੋੜ ਆਦਿ ਐਂਟਰੀ ਪੁਆਇੰਟਾਂ ’ਤੇ ਵੀ ਪੁਲੀਸ ਕਰਮਚਾਰੀ ਤਾਇਨਾਤ ਕਰਨ ਦੀਆਂ ਖਬਰਾਂ ਹਨ ਤਾਂ ਕਿ ਕਿਸਾਨ ਚੰਡੀਗੜ੍ਹ ਵਿਖੇ ਦਾਖਲ ਨਾ ਹੋ ਸਕਣ।