ਲੋਕ ਸਭਾ ਚੋਣਾਂ 2024 (Lok Sabha Elections 2024) ਖ਼ਤਮ ਹੁੰਦਿਆਂ ਹੀ ਜਨਤਾ ਨੂੰ ਮਹਿੰਗਾਈ ਦੀ ਮਾਰ ਸਤਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਵੇਰਕਾ ਤੇ ਅਮੁਲ ਦੁੱਧ ਨੇ ਆਪਣੇ ਰੇਟ ਵਧਾਏ ਹਨ। ਪੰਜਾਬ ਹਰਿਆਣਾ ਵਿੱਚ ਟੋਲ ਮਹਿੰਗੇ ਹੋ ਗਏ ਹਨ। ਹੁਣ ਖ਼ਬਰ ਆਈ ਹੈ ਕਿ ਚੰਡੀਗੜ੍ਹ ਬਿਜਲੀ ਵਿਭਾਗ ਨੇ ਵਿੱਤੀ ਸਾਲ 2024-25 ਲਈ ਮੌਜੂਦਾ ਬਿਜਲੀ ਦਰਾਂ ਵਿਚ ਔਸਤਨ 19.44% ਦੇ ਵਾਧੇ ਦੀ ਤਜਵੀਜ਼ ਪੇਸ਼ ਕੀਤੀ ਹੈ।
ਜਾਣਕਾਰੀ ਮੁਤਾਬਕ ਇੱਕ ਪਟੀਸ਼ਨ ਰਾਹੀਂ ਵਿਭਾਗ ਨੇ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (JERC) ਨੂੰ ਸੋਧੇ ਹੋਏ ਟੈਰਿਫ ਨੂੰ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ ਹੈ, ਜਿਸ ਨਾਲ 1,059.03 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਣ ਦੀ ਉਮੀਦ ਹੈ। ਪਿਛਲੇ ਸਾਲ JERC ਨੇ ਬਿਜਲੀ ਦਰਾਂ ਵਿਚ 10 ਫ਼ੀਸਦੀ ਵਾਧੇ ਦੇ ਪ੍ਰਸ਼ਾਸਨ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ ਸੀ। ਸਾਲ 2022-23 ‘ਚ ਕਮਿਸ਼ਨ ਨੇ ਪ੍ਰਚੂਨ ਟੈਰਿਫ ‘ਚ 25 ਪੈਸੇ ਦੇ ਵਾਧੇ ਨੂੰ ਮਨਜ਼ੂਰੀ ਦਿਤੀ ਸੀ।
ਇਸ ਤੋਂ ਪਹਿਲਾਂ ਘਰੇਲੂ ਅਤੇ ਵਪਾਰਕ ਬਿਜਲੀ ਦਰਾਂ ‘ਚ ਆਖਰੀ ਵਾਧਾ 2018-19 ‘ਚ ਕੀਤਾ ਗਿਆ ਸੀ। ਵਿੱਤੀ ਸਾਲ 2024-25 ਲਈ ਘਰੇਲੂ ਸ਼੍ਰੇਣੀ ਵਿਚ ਵਿਭਾਗ ਨੇ ਫਿਕਸਡ ਚਾਰਜ ਨੂੰ 15 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਤੋਂ ਵਧਾ ਕੇ 40 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਕਰਨ ਦਾ ਪ੍ਰਸਤਾਵ ਰੱਖਿਆ ਹੈ। ਹਾਲਾਂਕਿ, 0-151 ਯੂਨਿਟ ਦੇ ਸਲੈਬ ਵਿੱਚ ਵਾਧਾ ਕਰਨ ਦਾ ਕੋਈ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਪਹਿਲਾਂ ਵਾਂਗ 2.75 ਰੁਪਏ ਪ੍ਰਤੀ ਕਿਲੋਵਾਟ ਹੀ ਰਹੇਗਾ।
ਹੁਣ ਵਿਭਾਗ ਨੇ 151-400 ਯੂਨਿਟ ਦੇ ਸਲੈਬ ਵਿੱਚ 4.25 ਰੁਪਏ ਤੋਂ ਵਧਾ ਕੇ 4.90 ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ। 401 ਅਤੇ ਇਸ ਤੋਂ ਵੱਧ ਯੂਨਿਟਾਂ ਦੇ ਸਲੈਬ ਵਿੱਚ 4.65 ਰੁਪਏ ਤੋਂ ਵਧਾ ਕੇ 5.50 ਰੁਪਏ ਟੈਰਿਫ ਕਰਨ ਦੀ ਯੋਜਨਾ ਹੈ। ਘਰੇਲੂ ਹਾਈ ਟੈਨਸ਼ਨ (ਐਚਟੀ) ਸ਼੍ਰੇਣੀ ਵਿੱਚ ਵਿਭਾਗ ਨੇ 4.30 ਰੁਪਏ ਤੋਂ ਵਧਾ ਕੇ 5 ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ। ਜਦਕਿ ਵਪਾਰਕ ਲੋ-ਟੈਂਸ਼ਨ (ਐਲਟੀ) ਸ਼੍ਰੇਣੀ ਵਿੱਚ, ਵਿਭਾਗ ਨੇ ਸਿੰਗਲ ਫੇਜ਼ ਲਈ ਫਿਕਸਡ ਚਾਰਜ 25 ਰੁਪਏ ਤੋਂ ਵਧਾ ਕੇ 50 ਰੁਪਏ ਕਰਨ ਦੀ ਤਜਵੀਜ਼ ਕੀਤੀ ਹੈ।
ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ 0-150 ਯੂਨਿਟ ਅਤੇ 151-400 ਯੂਨਿਟ ਦੇ ਸਲੈਬ ਵਿਚ ਕੋਈ ਵਾਧਾ ਪ੍ਰਸਤਾਵਿਤ ਨਹੀਂ ਕੀਤਾ ਗਿਆ ਹੈ, ਜੋ ਕ੍ਰਮਵਾਰ 4.50 ਰੁਪਏ ਅਤੇ 4.70 ਰੁਪਏ ‘ਤੇ ਬਣੇ ਹੋਏ ਹਨ। 401 ਅਤੇ ਇਸ ਤੋਂ ਵੱਧ ਦੇ ਸਲੈਬ ਵਿੱਚ ਵਿਭਾਗ ਨੇ ਤਿੰਨ ਪੜਾਵਾਂ ਲਈ ਫਿਕਸਡ ਚਾਰਜ 100 ਰੁਪਏ ਤੋਂ ਵਧਾ ਕੇ 130 ਰੁਪਏ ਅਤੇ ਊਰਜਾ ਚਾਰਜ 5 ਰੁਪਏ ਤੋਂ ਵਧਾ ਕੇ 6 ਰੁਪਏ ਪ੍ਰਤੀ ਯੂਨਿਟ ਕਰਨ ਦਾ ਪ੍ਰਸਤਾਵ ਰੱਖਿਆ ਹੈ। ਵਪਾਰਕ ਐਚਟੀ ਸ਼੍ਰੇਣੀ ਵਿੱਚ ਵਿਭਾਗ ਨੇ ਫਿਕਸਡ ਚਾਰਜ 100 ਰੁਪਏ ਤੋਂ ਵਧਾ ਕੇ 130 ਰੁਪਏ ਅਤੇ ਐਨਰਜੀ ਚਾਰਜ 4.50 ਰੁਪਏ ਤੋਂ ਵਧਾ ਕੇ 5 ਰੁਪਏ ਪ੍ਰਤੀ ਯੂਨਿਟ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਵੱਡੇ ਤੇ ਦਰਮਿਆਨੇ ਉਦਯੋਗ ਦੋਵਾਂ ਸ਼੍ਰੇਣੀਆਂ ਦੀ ਗੱਲ ਕਰੀਏ ਤਾਂ ਇੱਥੇ ਵਿਭਾਗ ਨੇ ਫਿਕਸਡ ਚਾਰਜ 200 ਰੁਪਏ ਤੋਂ ਵਧਾ ਕੇ 240 ਰੁਪਏ ਕਰਨ ਦੀ ਤਜਵੀਜ਼ ਦਿੱਤੀ ਹੈ। ਊਰਜਾ ਚਾਰਜ ਵਿੱਚ ਵਿਭਾਗ ਨੇ ਵੱਡੇ ਉਦਯੋਗਾਂ ਲਈ 4.50 ਰੁਪਏ ਤੋਂ ਵਧਾ ਕੇ 5 ਰੁਪਏ ਪ੍ਰਤੀ ਯੂਨਿਟ ਅਤੇ ਦਰਮਿਆਨੇ ਉਦਯੋਗਾਂ ਲਈ 4.20 ਰੁਪਏ ਤੋਂ ਵਧਾ ਕੇ 4.35 ਰੁਪਏ ਪ੍ਰਤੀ ਯੂਨਿਟ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਛੋਟੇ ਉਦਯੋਗਾਂ ਦੀ ਸ਼੍ਰੇਣੀ ਲਈ ਵਿਭਾਗ ਨੇ ਫਿਕਸਡ ਚਾਰਜ 30 ਰੁਪਏ ਤੋਂ ਵਧਾ ਕੇ 100 ਰੁਪਏ ਅਤੇ ਊਰਜਾ ਚਾਰਜ 4.30 ਰੁਪਏ ਤੋਂ ਵਧਾ ਕੇ 4.50 ਰੁਪਏ ਕਰਨ ਦਾ ਪ੍ਰਸਤਾਵ ਰੱਖਿਆ ਹੈ। ਖੇਤੀਬਾੜੀ ਸ਼੍ਰੇਣੀ ਲਈ 2.60 ਰੁਪਏ ਤੋਂ ਵਧਾ ਕੇ 3.50 ਰੁਪਏ ਕਰਨ ਦਾ ਪ੍ਰਸਤਾਵ ਹੈ।
ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਪ੍ਰਬੰਧਿਤ ਜਨਤਕ ਲਾਈਟਿੰਗ ਪ੍ਰਣਾਲੀ ਲਈ ਵਿਭਾਗ ਨੇ ਫਿਕਸਡ ਚਾਰਜ 100 ਰੁਪਏ ਤੋਂ ਵਧਾ ਕੇ 160 ਰੁਪਏ ਅਤੇ ਐਨਰਜੀ ਚਾਰਜ 4.80 ਰੁਪਏ ਤੋਂ ਵਧਾ ਕੇ 5.60 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫਾਰਸ਼ ਕੀਤੀ ਹੈ। ਇਸੇ ਤਰ੍ਹਾਂ ਇਸ਼ਤਿਹਾਰਬਾਜ਼ੀ ਬੋਰਡਾਂ, ਨਿਓਨ-ਸਾਈਨ ਬੋਰਡਾਂ ਅਤੇ ਬਿਲਬੋਰਡਾਂ (ਵਪਾਰਕ ਅਦਾਰਿਆਂ ‘ਤੇ ਲਗਾਏ ਗਏ ਇਸ਼ਤਿਹਾਰਬਾਜ਼ੀ ਬੋਰਡਾਂ ਤੋਂ ਇਲਾਵਾ ਅਤੇ ਵਪਾਰਕ ਸ਼੍ਰੇਣੀ ਅਧੀਨ ਵਸੂਲੇ ਜਾਣ ਵਾਲੇ ਬੋਰਡਾਂ ਤੋਂ ਇਲਾਵਾ) ਲਈ ਵਿਭਾਗ ਨੇ ਫਿਕਸਡ ਚਾਰਜ 150 ਰੁਪਏ ਤੋਂ ਵਧਾ ਕੇ 250 ਰੁਪਏ ਅਤੇ ਐਨਰਜੀ ਚਾਰਜ 6.40 ਰੁਪਏ ਤੋਂ ਵਧਾ ਕੇ 6.80 ਰੁਪਏ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਇਸ ਦੇ ਨਾਲ ਹੀ ਬਿਜਲੀ ਦੀ ਥੋਕ ਸਪਲਾਈ ਲਈ ਵਿਭਾਗ ਵੱਲੋਂ ਫਿਕਸਡ ਚਾਰਜ ਤੇ ਐਨਰਜੀ ਚਾਰਜ 4.20 ਰੁਪਏ ਤੋਂ ਵਧਾ ਕੇ 4.60 ਰੁਪਏ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਈਵੀ ਚਾਰਜਿੰਗ ਸਟੇਸ਼ਨਾਂ ਲਈ 3.60 ਰੁਪਏ ਤੋਂ 4 ਰੁਪਏ ਤਕ ਦੇ ਵਾਧੇ ਦੀ ਯੋਜਨਾ ਬਣਾਈ ਗਈ ਹੈ।