ਬਿਉਰੋ ਰਿਪੋਰਟ : ਚੰਡੀਗੜ੍ਹ PGI ਦੇ ਗਾਇਨੀ ਵਾਰਡ ਵਿੱਚ ਭਰਤੀ ਮਰੀਜ਼ ਹਰਮੀਤ ਕੌਰ ਨੂੰ ਟੀਕ ਲਗਾ ਕੇ ਫਰਾਰ ਹੋਣ ਵਾਲੀ ਔਰਤ ਸਮੇਤ 3 ਮੁਲਜ਼ਮਾਂ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ । ਟੀਕਾ ਲਗਾਉਣ ਵਾਲੀ ਮੁਲਜ਼ਮ ਕੁੜੀ ਦਾ ਨਾਂ ਜਸਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ । ਉਸ ਨੇ ਦੱਸਿਆ ਹੈ ਕਿ ਮਰੀਜ਼ ਹਰਮੀਤ ਕੌਰ ਦੇ ਭਰਾ ਜਸਪੀਤ ਸਿੰਘ ਦੇ ਕਹਿਣ ‘ਤੇ ਉਸ ਨੇ ਭੈਣ ਨੂੰ ਟੀਕਾ ਲਗਾਇਆ ਸੀ । ਮੁਲਜ਼ਮ ਜਸਪ੍ਰੀਤ ਕੌਰ ਨੇ ਦੱਸਿਆ ਹੈ ਕਿ ਟੀਕਾ ਲਗਾਉਣ ਦੇ ਲਈ ਉਸ ਨੂੰ ਪੈਸੇ ਦਿੱਤੇ ਗਏ ਸਨ । ਟੀਕਾ ਲਗਾਉਣ ਵਾਲੀ ਜਸਪ੍ਰੀਤ ਦੀ ਫੋਟੋ ਵਾਰਡ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਸੀ । ਮਰੀਜ਼ ਦੇ ਪਤੀ ਗੁਰਵਿੰਦਰ ਸਿੰਘ ਨੇ ਪਹਿਲਾਂ ਹੀ ਇਸ ਮਾਮਲੇ ਵਿੱਚ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਗਾਇਆ ਸੀ,ਕਿਉਂਕਿ ਦੋਵਾਂ ਦੀ ਲਵ ਮੈਰੀਜ ਹੋਈ ਸੀ ਜਿਸ ਦੇ ਖਿਲਾਫ ਕੁੜੀ ਦੇ ਘਰ ਵਾਲੇ ਸਨ । ਟੀਕੇ ਤੋਂ ਬਾਅਦ ਗੁਰਵਿੰਦਰ ਦੀ ਪਤਨੀ ਦੀ ਹਾਲਤ ਵਿਗੜ ਗਈ ਸੀ ਅਤੇ ਉਹ ਇਸ ਵੇਲੇ ਵੈਨਟੀਲੇਟਰ ‘ਤੇ ਹੈ । ਜਿਸ ਵੇਲੇ ਜਸਪ੍ਰੀਤ ਕੌਰ ਨੇ ਟੀਕਾ ਲਗਾਇਆ ਸੀ ਉਸ ਦੌਰਾਨ ਪਤੀ ਗੁਰਵਿੰਦਰ ਸਿੰਘ ਦੀ ਭੈਣ ਮੌਜੂਦ ਸੀ । ਉਸ ਨੇ ਦੱਸਿਆ ਸੀ ਕਿ ਜਸਪ੍ਰੀਤ ਨੇ ਉਸ ਨੂੰ ਕਿਹਾ ਸੀ ਕਿ ਡਾਕਟਰ ਨੇ ਕਿਡਨੀ ਦਾ ਇੰਜੈਕਸ਼ਨ ਲਗਾਉਣ ਦੇ ਲਈ ਭੇਜਿਆ ਹੈ । ਮੁਲਜ਼ਮ ਜਸਪ੍ਰੀਤ ਕੌਰ ਹਸਪਤਾਲ ਵਿੱਚ ਨਕਲੀ ਨਰਸ ਬਣ ਕੇ ਆਈ ਸੀ । ਚੰਡੀਗੜ੍ਹ ਦੀ SSP ਦਾ ਵੀ ਜਸਪ੍ਰੀਤ ਕੌਰ ਦੀ ਗ੍ਰਿਫਤਾਰੀ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ ।
SSP ਚੰਡੀਗੜ੍ਹ ਦਾ ਬਿਆਨ
ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੇ ਦੱਸਿਆ ਸਾਡੇ ਕੋਲ 15 ਨਵੰਬਰ ਨੂੰ ਹਰਮੀਤ ਕੌਰ ਨਾਂ ਦੀ ਮਰੀਜ ਦੇ ਬਾਰੇ ਸ਼ਿਕਾਇਤ ਮਿਲੀ ਸੀ ਕਿ ਉਸ ਨੂੰ ਵਾਰਡ ਵਿੱਚ ਆਕੇ ਕੋਈ ਔਰਤ ਇੰਜੈਕਸ਼ਨ ਲੱਗਾ ਗਈ ਹੈ । ਜਿਸ ਤੋਂ ਬਾਅਦ ਜਾਂਚ ਸ਼ੁਰੂ ਹੋਈ ਤਾਂ PGI ਦੇ ਸਟਾਫ ਅਤੇ ਵਾਰਡ ਵਿੱਚ ਮੌਜੂਦ ਮਰੀਜ਼ਾਂ ਦੀ ਮਦਦ ਨਾਲ ਔਰਤ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਗਈ । SSP ਨੇ ਦੱਸਿਆ ਇਸ ਪੂਰੇ ਮਾਮਲੇ ਵਿੱਚ ਹਰਮੀਤ ਕੌਰ ਦਾ ਭਰਾ ਜਸਮੀਤ ਸਿੰਘ ਸ਼ਾਮਲ ਹੈ । ਉਸ ਨੇ ਮੁਲਜ਼ਮ ਜਸਪ੍ਰੀਤ ਕੌਰ ਸਮੇਤ 3 ਹੋਰ ਨੂੰ ਪੈਸੇ ਦਿੱਤੇ ਹਨ । ਪੁਲਿਸ ਇਸ ਗੱਲ ਦਾ ਪਤਾ ਲੱਗਾ ਰਹੀ ਹੈ ਕਿ ਇਸ ਕੰਮ ਦੇ ਲਈ ਕਿੰਨੇ ਪੈਸੇ ਦਿੱਤੇ ਗਏ ਸਨ। SSP ਕੰਵਰਦੀਪ ਨੇ ਦੱਸਿਆ ਕਿ ਪਰਿਵਾਰ ਲਵ ਮੈਰੀਜ ਤੋਂ ਇੰਨਾਂ ਨਰਾਜ਼ ਸੀ ਕਿ ਉਹ ਹਰਮੀਤ ਕੌਰ ਅਤੇ ਜਵਾਈ ਜਸਪ੍ਰੀਤ ਸਿੰਘ ਨੂੰ ਧਮਕੀ ਦਿੰਦਾ ਸੀ। ਜਿਵੇਂ ਹੀ ਉਸ ਨੂੰ ਮੌਕਾ ਮਿਲਿਆ ਉਸ ਨੇ ਭੈਣ ਨੂੰ ਮਾਰਨ ਦੀ ਸਾਜਿਸ ਰੱਚ ਦਿੱਤੀ । ਇਸ ਮਾਮਲੇ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਬੂਟਾ ਸਿੰਘ ਹੈ, ਜੋ ਪੀੜਤ ਹਰਮੀਤ ਕੌਰ ਦਾ ਰਿਸ਼ਤੇਦਾਰ ਹੀ ਹੈ । ਜਿਸ ਨੇ ਇੰਜੈਕਸ਼ਨ ਦਾ ਪੂਰਾ ਇੰਤਜ਼ਾਮ ਕੀਤਾ ਅਤੇ ਭਰਾ ਨਾਲ ਪਲਾਨਿੰਗ ਵਿੱਚ ਸ਼ਾਮਲ ਹੋਇਆ । ਪੁਲਿਸ ਨੂੰ ਸ਼ੱਕ ਹੈ ਕਿ ਇਹ ਇੰਜੈਕਸ਼ਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਲਿਆ ਹੋ ਸਕਦਾ ਹੈ ਕਿਉਂਕਿ ਕੁੜੀ ਵਾਲੇ ਰਾਜਪੁਰਾ ਤੋਂ ਹੀ ਸਨ ।
ਪੁਲਿਸ ਨੇ PGI ਚੰਡੀਗੜ੍ਹ ਤੋਂ ਹਰਮੀਤ ਕੌਰ ਦੇ ਬਲਡ ਸੈਂਪਲ ਮੰਗੇ ਹਨ ਤਾਂਕੀ ਪਤਾ ਚੱਲ ਸਕੇ ਕਿ ਇੰਜੈਕਸ਼ਨ ਵਿੱਚ ਕਿਹੜੀ ਦਵਾਈ ਪਾਈ ਗਈ ਸੀ । PGI ਵਰਗੇ ਵੱਡੇ ਅਦਾਰੇ ਵਿੱਚ ਅਜਿਹਾ ਮਾਮਲਾ ਆਪਣੇ ਆਪ ਹੀ ਹੈਰਾਨ ਕਰਨ ਵਾਲਾ ਹੈ । ਇਸ ਮਾਮਲੇ ਵਿੱਚ PGI ਵਿੱਚ ਮਰੀਜ਼ਾਂ ਦੀ ਸੁਰੱਖਿਆ ਨੂੰ ਲੈਕੇ ਵੱਡੇ ਸਵਾਲ ਚੁੱਕੇ ਹਨ । ਜਿਸ ‘ਤੇ ਹੁਣ PGI ਪ੍ਰਸ਼ਾਸਨ ਨੂੰ ਮੁੜ ਤੋਂ ਵਿਚਾਰ ਕਰਨਾ ਹੋਵੇਗਾ ।