India Punjab

ਚੰਡੀਗੜ੍ਹ ਦੀ ਨਵੀਂ ਆਬਕਾਰੀ ਨੀਤੀ 2026-27! ਹੁਣ 24 ਘੰਟੇ ਮਿਲੇਗੀ ਸ਼ਰਾਬ

ਚੰਡੀਗੜ੍ਹ (11 ਮਾਰਚ, 2026): ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2026-27 ਲਈ ਨਵੀਂ ਆਬਕਾਰੀ ਨੀਤੀ ਦਾ ਐਲਾਨ ਕਰ ਦਿੱਤਾ ਹੈ, ਜੋ 1 ਅਪ੍ਰੈਲ 2026 ਤੋਂ ਲਾਗੂ ਹੋਵੇਗੀ। ਇਸ ਨੀਤੀ ਤਹਿਤ ਸ਼ਹਿਰ ਦੇ ‘ਏ’ ਕੈਟੇਗਰੀ ਦੇ ਹੋਟਲਾਂ ਵਿੱਚ ਹੁਣ 24 ਘੰਟੇ ਸ਼ਰਾਬ ਮਿਲ ਸਕੇਗੀ। 

‘ਬੀ’ ਅਤੇ ‘ਸੀ’ ਕੈਟੇਗਰੀ ਦੇ ਹੋਟਲ ਵੀ 30 ਲੱਖ ਰੁਪਏ ਦੀ ਵਾਧੂ ਸਾਲਾਨਾ ਫੀਸ ਭਰ ਕੇ ਇਹ ਸਹੂਲਤ ਲੈ ਸਕਦੇ ਹਨ। ਇਸ ਤੋਂ ਇਲਾਵਾ, ਬਾਰ ਹੁਣ ਰਾਤ 1 ਵਜੇ ਤੱਕ ਖੁੱਲ੍ਹੇ ਰਹਿਣਗੇ, ਪਰ ਜੇਕਰ ਕੋਈ ਕਲੱਬ ਜਾਂ ਰੈਸਟੋਰੈਂਟ ਰਾਤ 3 ਵਜੇ ਤੱਕ ਸ਼ਰਾਬ ਪਰੋਸਣਾ ਚਾਹੁੰਦਾ ਹੈ, ਤਾਂ ਉਸ ਨੂੰ 8 ਲੱਖ ਰੁਪਏ ਵਾਧੂ ਫੀਸ ਦੇਣੀ ਪਵੇਗੀ।

ਨਵੀਂ ਨੀਤੀ ਕਾਰਨ ਸ਼ਰਾਬ ਅਤੇ ਬੀਅਰ ਦੀਆਂ ਕੀਮਤਾਂ ਵਿੱਚ ਕਰੀਬ 2% ਦਾ ਵਾਧਾ ਕੀਤਾ ਗਿਆ ਹੈ। ਹੁਣ 500 ਰੁਪਏ ਵਾਲੀ ਬੋਤਲ 10 ਰੁਪਏ ਅਤੇ 2000 ਰੁਪਏ ਵਾਲੀ ਬੋਤਲ 40 ਰੁਪਏ ਮਹਿੰਗੀ ਮਿਲੇਗੀ। ਇਸ ਵਾਰ ਮੁਹਾਲੀ ਦੇ ਨਾਲ ਲੱਗਦੇ ਪਿੰਡ ਪਲਸੋਰਾ ਦਾ ਠੇਕਾ ਸਭ ਤੋਂ ਮਹਿੰਗਾ ਹੈ, ਜਿਸ ਦੀ ਰਿਜ਼ਰਵ ਪ੍ਰਾਈਸ 11.41 ਕਰੋੜ ਰੁਪਏ ਤੈਅ ਕੀਤੀ ਗਈ ਹੈ।

ਸ਼ਹਿਰ ਵਿੱਚ ਕੁੱਲ 97 ਠੇਕਿਆਂ ਲਈ 454 ਕਰੋੜ ਰੁਪਏ ਦਾ ਰਿਜ਼ਰਵ ਪ੍ਰਾਈਸ ਰੱਖਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਹੁਣ ਵੱਡੇ ਡਿਪਾਰਟਮੈਂਟਲ ਸਟੋਰਾਂ ਵਿੱਚ ਵੀ ਸ਼ਰਾਬ ਵਿਕ ਸਕੇਗੀ, ਤਾਂ ਜੋ ਔਰਤਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਖ਼ਰੀਦਦਾਰੀ ਵਿੱਚ ਸਹੂਲਤ ਮਿਲ ਸਕੇ। ਸੁਰੱਖਿਆ ਦੇ ਮੱਦੇਨਜ਼ਰ ਬਾਰਾਂ ਵਿੱਚ ‘ਐਲਕੋਮੀਟਰ’ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਜੋ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਰੋਕਿਆ ਜਾ ਸਕੇ।