India

ਚੰਡੀਗੜ੍ਹ ‘ਚ ਪਾਣੀ ਦੀ ਬਰਬਾਦੀ ਤੇ ਨਗਰ ਨਿਗਮ ਸਖ਼ਤ, ਲੱਗੇਗਾ ਜੁਰਮਾਨਾ

ਚੰਡੀਗੜ੍ਹ (Chandigarh) ਨਗਰ ਨਿਗਮ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਕਿਹਾ ਕਿ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਹੁਣ ਸਖ਼ਤੀ ਕੀਤੀ ਜਾਵੇਗੀ। ਨਿਗਮ ਨੇ ਫ਼ੈਸਲਾ ਕੀਤਾ ਹੈ ਕਿ 15 ਅਪ੍ਰੈਲ ਦਿਨ ਸੋਮਵਾਰ ਤੋਂ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪਾਣੀ ਦੀ ਬਰਬਾਦੀ ਕਰਨ ਵਾਲੇ ਨੂੰ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਜੇਕਰ ਇਸ ਤੋਂ ਬਾਅਦ ਵੀ ਪਾਣੀ ਦੀ ਬਰਬਾਦੀ ਕਰਨ ਵਾਲਾ ਵਿਅਕਤੀ ਬਾਜ ਨਾ ਆਇਆ ਤਾਂ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਨਿਯਮਾਂ ਨੂੰ ਤੋੜਨ ਲਈ ਨਿਗਮ ਵੱਲੋਂ ਕੋਈ ਵੱਖਰਾ ਨੋਟਿਸ ਨਹੀਂ ਦਿੱਤਾ ਜਾਵੇਗਾ। ਇਹ ਕਾਰਵਾਈ 30 ਜੂਨ ਤੱਕ ਜਾਰੀ ਰਹੇਗੀ। ਜੁਰਮਾਨਾ ਪਾਣੀ ਦੇ ਬਿੱਲ ਵਿੱਚ ਜੋੜਿਆ ਜਾਵੇਗਾ।

ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ

ਨਗਰ ਨਿਗਮ ਵੱਲੋਂ ਕੁੱਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਲੋਕਾਂ ਨੂੰ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਲੋਕ ਤਾਜ਼ੇ ਪਾਣੀ ਦੀਆਂ ਪਾਈਪਾਂ ਨਾਲ ਆਪਣੇ ਵਾਹਨਾਂ ਅਤੇ ਵਿਹੜਿਆਂ ਨੂੰ ਨਹੀਂ ਧੋ ਸਕਣਗੇ। ਆਪਣੀ ਪਾਰਕ ਨੂੰ ਸਿੱਧਾ ਪਾਣੀ ਨਹੀਂ ਦੇ ਸਕਣਗੇ। ਇਸ ਦੇ ਨਾਲ ਹੀ ਨਿਗਮ ਕਿਸੇ ਹੋਰ ਕੰਮ ਲਈ ਹੋ ਰਹੀ ਪਾਣੀ ਦੀ ਬਰਬਾਦੀ ‘ਤੇ ਵੀ ਨਜ਼ਰ ਰੱਖੇਗਾ। ਜਿਸ ਲਈ ਨਗਰ ਨਿਗਮ ਨੇ ਨਜ਼ਰ ਰੱਖਣ ਲਈ 18 ਟੀਮਾਂ ਦਾ ਗਠਨ ਕੀਤਾ ਹੈ।