ਚੰਡੀਗੜ੍ਹ ਨਗਰ ਨਿਗਮ ਨੇ ਸੜਕਾਂ ’ਤੇ ਕੂੜਾ ਸੁੱਟਣ ਵਾਲਿਆਂ ਨੂੰ ਸਜ਼ਾ ਦੇਣ ਲਈ ਇੱਕ ਵਿਵਾਦਿਤ ਫੈਸਲਾ ਲਿਆ ਸੀ ਕਿ ਅਜਿਹੇ ਲੋਕਾਂ ਦੇ ਘਰਾਂ ਅੱਗੇ ਉਨ੍ਹਾਂ ਦਾ ਹੀ ਕੂੜਾ ਸੁੱਟ ਕੇ ਢੋਲ ਵਜਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾ ਸਕੇ। ਇਹ ਫੈਸਲਾ ਲਾਗੂ ਹੋਣ ਤੋਂ ਬਾਅਦ ਸ਼ਹਿਰ ਭਰ ਵਿੱਚ ਤਿੱਖਾ ਵਿਰੋਧ ਸ਼ੁਰੂ ਹੋ ਗਿਆ।
ਬੁੱਧਵਾਰ ਨੂੰ ਮਹਿਲਾ ਕਾਂਗਰਸ ਆਗੂ ਮਮਤਾ ਡੋਗਰਾ ਨੇ ਇਸ ਫੈਸਲੇ ਦਾ ਸਿੱਧਾ ਵਿਰੋਧ ਕਰਦਿਆਂ ਡੱਡੂਮਾਜਰਾ ਤੋਂ ਕੂੜਾ ਇਕੱਠਾ ਕੀਤਾ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਘਰ ਸਾਹਮਣੇ ਢੋਲ ਲੈ ਕੇ ਪਹੁੰਚ ਗਈ। ਉੱਥੇ ਮੇਅਰ ਦੇ ਪਤੀ ਦਵਿੰਦਰ ਸਿੰਘ ਬਬਲਾ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਹੋ ਗਈ। ਮਮਤਾ ਡੋਗਰਾ ਨੇ ਕਿਹਾ ਕਿ ਡੱਡੂਮਾਜਰਾ ਤੇ ਮਨੀਮਾਜਰਾ ਵਿੱਚ ਹਰ ਪਾਸੇ ਕੂੜੇ ਦੇ ਢੇਰ ਲੱਗੇ ਹਨ, ਨੂੰ ਨਿਗਮ ਦੇ ਕਰਮਚਾਰੀ ਚੁੱਕਣ ਤੱਕ ਨਹੀਂ ਆਉਂਦੇ, ਫਿਰ ਲੋਕਾਂ ਨੂੰ ਜ਼ਲੀਲ ਕਿਉਂ ਕੀਤਾ ਜਾ ਰਿਹਾ ਹੈ?
ਉਨ੍ਹਾਂ ਨੇ ਮੇਅਰ ਨੂੰ ਚੇਤਾਵਨੀ ਦਿੱਤੀ ਕਿ ਲੋਕਾਂ ਨੂੰ ਅਪਮਾਨਿਤ ਕਰਨ ਦਾ ਤਰੀਕਾ ਬੰਦ ਕੀਤਾ ਜਾਵੇ।ਜਵਾਬ ਵਿੱਚ ਦਵਿੰਦਰ ਸਿੰਘ ਬਬਲਾ ਨੇ ਦੱਸਿਆ ਕਿ ਮੇਅਰ ਨੇ ਮੰਗਲਵਾਰ ਨੂੰ ਹੀ ਅਧਿਕਾਰੀਆਂ ਨੂੰ ਢੋਲ ਵਜਾਉਣ ਵਾਲੀ ਕਾਰਵਾਈ ਬੰਦ ਕਰਨ ਦੇ ਹੁਕਮ ਦੇ ਦਿੱਤੇ ਸਨ ਅਤੇ ਇਹ ਫੈਸਲਾ ਅਧਿਕਾਰੀਆਂ ਨੇ ਆਪਣੇ ਪੱਧਰ ’ਤੇ ਲਿਆ ਸੀ। ਇਸ ਮਾਮਲੇ ਨੇ ਸ਼ਹਿਰ ਭਰ ਵਿੱਚ ਵੱਡਾ ਰੌਲਾ ਪਾ ਦਿੱਤਾ।
ਸਮਾਜ ਸੇਵਕ ਰਾਮੇਸ਼ਵਰ ਗਿਰੀ ਨੇ ਕਿਹਾ ਕਿ ਮਨੀਮਾਜਰਾ ਵਿੱਚ ਜਿੱਥੇ ਲੋਕਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਸੀ, ਉੱਥੇ ਹਰ ਗਲੀ ’ਚ ਕੂੜਾ ਖਿੰਡਿਆ ਪਿਆ ਹੈ ਅਤੇ ਨਿਗਮ ਨੇ ਖ਼ੁਦ ਕਈ ਥਾਵਾਂ ’ਤੇ ਡੰਪਿੰਗ ਜ਼ੋਨ ਬਣਾ ਰੱਖੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਫੈਸਲਾ ਪੂਰੀ ਤਰ੍ਹਾਂ ਵਾਪਸ ਨਾ ਲਿਆ ਗਿਆ ਤਾਂ ਅਧਿਕਾਰੀਆਂ ਦੇ ਘਰਾਂ-ਦਫ਼ਤਰਾਂ ਅੱਗੇ ਢੋਲ ਵਜਾਏ ਜਾਣਗੇ।ਚੰਡੀਗੜ੍ਹ ਸੋਸ਼ਲ ਗਰੁੱਪ ਦੇ ਰਾਜ ਚੱਢਾ ਨੇ ਵੀ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਕਿ ਜੇ ਨਿਗਮ ਨੇ ਫੈਸਲਾ ਵਾਪਸ ਨਾ ਲਿਆ ਤਾਂ ਉਹ ਵੀ ਅਧਿਕਾਰੀਆਂ ਦੇ ਘਰਾਂ ਸਾਹਮਣੇ ਢੋਲ ਵਜਾਉਣ ਲਈ ਮਜਬੂਰ ਹੋਣਗੇ।
ਸ਼ਹਿਰ ਦੇ ਵੱਖ-ਵੱਖ ਵਟਸਐਪ ਗਰੁੱਪਾਂ ਅਤੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਸ ਫੈਸਲੇ ਨੂੰ ਗੈਰ-ਕਾਨੂੰਨੀ ਤੇ ਅਪਮਾਨਜਨਕ ਕਰਾਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਨੂੰ ਪਹਿਲਾਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਫਿਰ ਹੀ ਲੋਕਾਂ ਤੋਂ ਸਫ਼ਾਈ ਦੀ ਉਮੀਦ ਕੀਤੀ ਜਾ ਸਕਦੀ ਹੈ।ਆਖ਼ਰਕਾਰ ਲਗਾਤਾਰ ਵਿਰੋਧ ਅਤੇ ਰਾਜਨੀਤਿਕ ਦਬਾਅ ਕਾਰਨ ਚੰਡੀਗੜ੍ਹ ਨਗਰ ਨਿਗਮ ਨੇ ਢੋਲ ਵਜਾ ਕੇ ਸ਼ਰਮਿੰਦਾ ਕਰਨ ਵਾਲਾ ਫੈਸਲਾ ਪੂਰੀ ਤਰ੍ਹਾਂ ਵਾਪਸ ਲੈ ਲਿਆ ਹੈ।

