ਚੰਡੀਗੜ੍ਹ (Chandigah) ਦੇ ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ 6 ਜੂਨ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਨਿਗਮ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਹੁਕਮ ਜਾਰੀ ਕਰਕੇ ਸਰਕੂਲਰ ਕਮ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਇਹ ਛੁੱਟੀਆਂ ਨੂੰ ਲੋਕ ਸਭਾ ਚੋਣਾਂ ਕਾਰਨ ਰੱਦ ਕੀਤਾ ਗਿਆ ਹੈ। ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੋਰ ਕਈ ਅਦਾਰੇ ਵੀ ਛੁੱਟੀਆਂ ਰੱਦ ਕਰ ਚੁੱਕੇ ਹਨ। ਜਾਰੀ ਹੋਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਨੂੰ ਹਫਤੇ ਦੇ 7 ਦਿਨ ਹੀ ਕੰਮ ‘ਤੇ ਆਉਣਾ ਪਵੇਗਾ। ਇਹ ਹੁਕਮ ਸਾਰੇ ਮੁਲਾਜ਼ਮਾ ਉੱਪਰ ਲਾਗੂ ਹੋਵੇਗਾ ਫਿਰ ਚਾਹੇ ਉਨ੍ਹਾਂ ਦੀ ਚੋਣਾਂ ਵਿੱਚ ਡਿਊਟੀ ਲੱਗੀ ਹੋਵੇ ਜਾ ਨਹੀਂ। ਇਸ ਦੇ ਨਾਲ ਮੁਲਾਜ਼ਮਾਂ ਦੇ ਤਬਾਦਲਿਆਂ ਉੱਪਰ ਵੀ ਰੋਕ ਲਗਾ ਦਿੱਤੀ ਗਈ ਹੈ ਭਾਵੇ ਉਸ ਦਾ ਕੋਈ ਵੀ ਵਿਭਾਗ ਹੋਵੇ।
ਸਿਰਫ਼ ਐਮਰਜੈਂਸੀ ‘ਤੇ ਹੀ ਦਿੱਤੀ ਜਾਵੇਗੀ ਛੁੱਟੀ
ਨੋਟਿਸ ਵਿਚ 18 ਮਾਰਚ ਨੂੰ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਚੰਡੀਗੜ੍ਹ ਦੇ ਮੁਲਾਜ਼ਮਾਂ ਅਤੇ ਚੋਣ ਡਿਊਟੀ ਦੇਣ ਵਾਲੇ ਅਧਿਕਾਰੀਆਂ ਦੇ ਲਈ ਰੀਜ਼ੈਂਨਟੇਸ਼ਨ ਪਬਲਿਕ ਐਕਟ 1951 ਦੀ ਧਾਰਾ 28 ਏ ਦਾ ਹਵਾਲਾ ਦਿੰਦਿਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਮੁਲਾਜ਼ਮ ਚੋਣ ਅਫ਼ਸਰ ਜਾਂ ਸਬੰਧਤ ਅਧਿਕਾਰੀ ਦੀ ਆਗਿਆ ਲਏ ਬਿਨਾਂ ਛੁੱਟੀ ‘ਤੇ ਨਹੀਂ ਜਾਵੇਗਾ ਜਦੋਂ ਤੱਕ ਕੋਈ ਐਮਰਜੈਂਸੀ ਵਾਲੀ ਸਥਿਤੀ ਨਾ ਹੋਵੇ, ਛੁੱਟੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ
ਕਿਸੇ ਵੇਲੇ ਵੀ ਚੋਣ ਡਿਊਟੀ ‘ਤੇ ਭੇਜਿਆ ਜਾ ਸਕਦਾ ਹੈ- ਕਮਿਸ਼ਨਰ
ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਕਿਹਾ ਕਿ ਨਗਰ ਨਿਗਮ ਦੇ ਕਈ ਮੁਲਾਜ਼ਮਾਂ ਨੇ ਆਊਟ ਸਟੇਸ਼ਨ ਲੀਵ ਅਪਲਾਈ ਕਰ ਦਿੱਤੀ ਸੀ । ਜਿਸ ਨੂੰ ਦੇਖਦੇ ਹੋਏ ਨੋਟਿਸ ਕਮ ਸਰਕੂਲਰ ਜਾਰੀ ਕਰਨਾ ਪਿਆ ਹੈ ਕਿਉਂਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨੋਟਿਸ ਸਾਰੇ ਮੁਲਾਜ਼ਮਾਂ ਲਈ ਹੈ ਭਾਵੇਂ ਚੋਣ ਡਿਊਟੀ ਲੱਗੀ ਹੋਵੇ ਜਾਂ ਨਾ।
ਉਨ੍ਹਾਂ ਨੂੰ ਵੀ ਕਿਸੇ ਵੇਲ ਚੋਣ ਡਿਊਟੀ ‘ਤੇ ਭੇਜਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਵਿਚ ਕੋਈ ਰੁਕਾਵਟ ਨਾ ਆਵੇ, ਇਸ ਲਈ ਸਾਰੇ ਮੁਲਾਜ਼ਮਾਂ ਨੂੰ ਚੋਣ ਪ੍ਰਕਿਰਿਆ ਦੌਰਾਨ 24 ਘੰਟੇ ਡਿਊਟੀ ‘ਤੇ ਹਾਜ਼ਰ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਘਰ ਵਿਚ ਐਮਰਜੈਂਸੀ ਹੁੰਦੀ ਹੈ ਜਾਂ ਕੋਈ ਅਜਿਹੀ ਸਥਿਤੀ ਬਣ ਜਾਂਦੀ ਹੈ ਜਿਸ ਨੂੰ ਟਾਲਿਆ ਨਹੀਂ ਜਾ ਸਕਦਾ ਤਾਂ ਛੁੱਟੀ ਦਿੱਤੀ ਜਾਵੇਗੀ। ਫੋਨ 24 ਘੰਟੇ ਇਸ ਲਈ ਚਾਲੂ ਰੱਖਣ ਲਈ ਹੁਕਮ ਦਿੱਤੇ ਗਏ ਹਨ ਕਿਉਂਕਿ ਛੁੱਟੀ ਵਾਲੇ ਦਿਨ ਮੁਲਾਜ਼ਮ ਫੋਨ ਹੀ ਬੰਦ ਕਰ ਦਿੰਦੇ ਹਨ।