ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਲਏ ਫ਼ੈਸਲੇ ਨੂੰ ਲਾਗੂ ਕਰਦਿਆਂ ਮੇਅਰ ਨੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। 1 ਦਸੰਬਰ ਤੋਂ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਵਿੱਚ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ ਕਰ ਦਿੱਤੀ ਗਈ ਹੈ। ਹੁਣ ਤੱਕ ਲੋਕਾਂ ਨੂੰ ਇਸ ਲਈ 7 ਰੁਪਏ ਦੇਣੇ ਪੈਂਦੇ ਸਨ।
ਨਿਗਮ ਦੀ ਮੀਟਿੰਗ ਵਿੱਚ ਸਮਾਰਟ ਪਾਰਕਿੰਗ ਨੀਤੀ ਤਹਿਤ ਚੰਡੀਗੜ੍ਹ ਵਿੱਚ ਦੋਪਹੀਆ ਵਾਹਨਾਂ ਅਤੇ ਇਲੈਕਟ੍ਰਿਕ ਵਾਹਨਾਂ ਦੀ ਪਾਰਕਿੰਗ ਮੁਫ਼ਤ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ ਪਰ ਇਸ ਵਿੱਚ ਹਾਲੇ ਵੀ ਕਈ ਅੜਿੱਕੇ ਆ ਸਕਦੇ ਹਨ। ਕਿਉਂਕਿ ਨਗਰ ਨਿਗਮ ਦੇ ਕਿਸੇ ਵੀ ਫ਼ੈਸਲੇ ਲਈ ਸਕੱਤਰ, ਲੋਕਲ ਬਾਡੀ ਦੀ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਪਹਿਲਾਂ ਹੀ ਚੰਡੀਗੜ੍ਹ ਦੀ ਸਮਾਰਟ ਪਾਰਕਿੰਗ ਨੀਤੀ ‘ਤੇ ਇਤਰਾਜ਼ ਪ੍ਰਗਟਾ ਚੁੱਕੇ ਹਨ।
ਬਾਹਰਲੇ ਵਾਹਨਾਂ ਨੂੰ ਦੁੱਗਣੀ ਫ਼ੀਸ ਦੇਣੀ ਪਵੇਗੀ
ਨਗਰ ਨਿਗਮ ਵੱਲੋਂ ਪਾਸ ਕੀਤੀ ਸਮਾਰਟ ਪਾਰਕਿੰਗ ਨੀਤੀ ਤਹਿਤ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਤੋਂ ਬਾਹਰੋਂ ਆਉਣ ਵਾਲੇ ਵਾਹਨਾਂ ਤੋਂ ਪਾਰਕਿੰਗ ਫ਼ੀਸ ਦੁੱਗਣੀ ਵਸੂਲੀ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਸਲਾਹਕਾਰ ਕੌਂਸਲ ਦੀ ਮੀਟਿੰਗ ਵਿੱਚ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਤਜਵੀਜ਼ ਨੂੰ ਵਾਪਸ ਲੈਣ ਦੀਆਂ ਹਦਾਇਤਾਂ ਦਿੱਤੀਆਂ ਸਨ ਪਰ ਅਜੇ ਤੱਕ ਇਸ ਸਬੰਧੀ ਕੋਈ ਤਜਵੀਜ਼ ਨਗਰ ਨਿਗਮ ਵਿੱਚ ਨਹੀਂ ਲਿਆਂਦੀ ਗਈ। ਇਸ ਲਈ ਦੁੱਗਣੀ ਫ਼ੀਸ ਵਸੂਲਣ ਦਾ ਫ਼ੈਸਲਾ ਅਜੇ ਵਾਪਸ ਨਹੀਂ ਲਿਆ ਗਿਆ ਹੈ।
ਸਮਾਰਟ ਪਾਰਕਿੰਗ ਲਈ ਟੈਂਡਰ ਇਸੇ ਮਹੀਨੇ ਲਏ ਜਾਣਗੇ
ਨਗਰ ਨਿਗਮ ਸਮਾਰਟ ਪਾਰਕਿੰਗ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹੈ। ਇਸ ਤਹਿਤ ਪਾਰਕਿੰਗ ਲਾਟ ਦੇ ਐਂਟਰੀ ਅਤੇ ਐਗਜ਼ਿਟ ‘ਤੇ ਆਟੋਮੈਟਿਕ ਬੂਮ ਬੈਰੀਅਰ ਲਗਾਏ ਜਾਣਗੇ। ਇਹ ਬੂਮ ਬੈਰੀਅਰ ਲਗਭਗ 89 ਪਾਰਕਿੰਗ ਸਥਾਨਾਂ ‘ਤੇ ਫਾਸਟੈਗ ਨੂੰ ਸਕੈਨ ਕਰਨ ਤੋਂ ਬਾਅਦ ਆਪਣੇ ਆਪ ਖੁੱਲ੍ਹ ਜਾਣਗੇ। ਇਸ ਦੇ ਲਈ ਨਗਰ ਨਿਗਮ ਵੱਲੋਂ ਇਸ ਮਹੀਨੇ ਟੈਂਡਰ ਜਾਰੀ ਕੀਤਾ ਜਾਵੇਗਾ।