ਚੰਡੀਗੜ੍ਹ ਨਗਰ ਨਿਗਮ ਦੀ ਚੋਣ ਵਿਚ ਅੱਜ ਭਾਜਪਾ ਦੇ ਉਮੀਦਵਾਰ ਅਨੂਪ ਗੁਪਤਾ ਸ਼ਹਿਰ ਦੇ ਨਵੇਂ ਮੇਅਰ ਚੁਣੇ ਗਏ ਹਨ। ਉਹਨਾਂ ਦੇ ਆਪ ਦੇ ਉਮੀਦਵਾਰ ਜਸਬੀਰ ਸਿੰਘ ਨੁੰ ਹਰਾਇਆ। ਗੁਪਤਾ ਨੂੰ 15 ਵੋਟਾਂ ਅਤੇ ਜਸਬੀਰ ਸਿੰਘ ਨੂੰ 14 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੀ ਮੰਗ ’ਤੇ ਦੁਬਾਰਾ ਤੋਂ ਵੋਟਾਂ ਦੀ ਗਿਣਤੀ ਕੀਤੀ ਗਈ। ਜਿਸ ਵਿੱਚ ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਹੈ। ਇਸ ਵਿੱਚ ਕੋਈ ਕਰਾਸ ਵੋਟਿੰਗ ਨਹੀਂ ਹੋਈ। ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਵੋਟਿੰਗ ਤੋਂ ਗੈਰਹਾਜ਼ਰ ਰਹੇ।
ਮੇਅਰ ਦੇ ਅਹੁਦੇ ‘ਤੇ ਕੋਈ ਕਰਾਸ ਵੋਟਿੰਗ ਨਹੀਂ ਹੋਈ। ਭਾਜਪਾ ਨੂੰ ਆਪਣੀਆਂ ਸਾਰੀਆਂ 15 ਅਤੇ ‘ਆਪ’ ਨੂੰ 14 ਵੋਟਾਂ ਮਿਲੀਆਂ। ਅਨੂਪ ਗੁਪਤਾ ਇੱਕ ਵੋਟ ਦੇ ਫਰਕ ਨਾਲ ਮੇਅਰ ਬਣੇ। ਮੇਅਰ ਚੋਣਾਂ ਤੋਂ ਪਹਿਲਾਂ ‘ਆਪ’ ਅਤੇ ਭਾਜਪਾ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਜਿੱਤੇਗੀ। ਸ਼੍ਰੋਮਣੀ ਅਕਾਲੀ ਦਲ ਦੇ ਕਾਰਪੋਰੇਟਰ ਹਰਦੀਪ ਸਿੰਘ ਨੇ ਆਪਣੀ ਵੋਟ ਨਹੀਂ ਪਾਈ।
ਇਸ ਤੋਂ ਪਹਿਲਾਂ ਸਦਨ ਵਿੱਚ ‘ਆਪ’ ਨੇ ਨਾਮਜ਼ਦ ਕੌਂਸਲਰਾਂ ਦੇ ਬੈਠਣ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਵੋਟ ਦਾ ਅਧਿਕਾਰ ਨਹੀਂ ਹੈ। ਇਸ ‘ਤੇ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਹ ਵੀ ਸਦਨ ਦਾ ਹਿੱਸਾ ਹਨ।