ਬਿਉਰੋ ਰਿਪੋਰਟ – ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਲੋਕਾਂ ਵਿਚਾਲੇ VIP ਨੰਬਰ ਲੈਣ ਦਾ ਵੀ ਅਜਿਹਾ ਸ਼ੌਕ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਵਾਰ ਵੀ ਚੰਡੀਗੜ੍ਹ ਦੇ ਲੋਕਾਂ ’ਤੇ VIP NUMBER ਦਾ ਜਨੂੰਨ ਸਿਰ ਚੜ ਕੇ ਬੋਲ ਰਿਹਾ ਹੈ। ਹੁਣ ਤੱਕ CV ਨੰਬਰ ਦੀ ਨਵੀਂ ਸੀਰੀਜ਼ ’ਤੇ ਲੱਖਾਂ ਦੀ ਬੋਲੀ ਲੱਗ ਚੁੱਕੀ ਹੈ ਅਤੇ ਚੰਡੀਗੜ੍ਹ ਅਥੋਰਿਟੀ ਕਰੋੜਾਂ ਰੁਪਏ ਕਮਾ ਚੁੱਕੀ ਹੈ।
ਸਭ ਤੋਂ ਵੱਡੀ ਬੋਲੀ 24 ਲੱਖ ਪਾਰ ਕਰ ਗਈ
ਚੰਡੀਗੜ੍ਹ ਅਥਾਰਿਟੀ ਵੱਲੋਂ ਜਾਰੀ ਕੀਤੀ ਗਈ CV ਨੰਬਰ ਦੀ ਲਿਸਟ ਵਿੱਚ CH01 CV 0001 ਨੰਬਰ ’ਤੇ 24 ਲੱਖ 30 ਹਜ਼ਾਰ ਦੀ ਬੋਲੀ ਲੱਗੀ ਹੈ। ਜਦਕਿ ਦੂਜੇ ਨੰਬਰ ’ਤੇ CH01 CV 0009 ਹੈ ਜਿਸ ’ਤੇ 10 ਲੱਖ 43 ਹਜ਼ਾਰ ਦਾ ਬੋਲੀ ਲੱਗੀ ਹੈ। ਤੀਜੇ ਨੰਬਰ ’ਤੇ CH01 CV 0007 ਹੈ ਜਿਸ ਨੂੰ ਖਰੀਦਣ ਲਈ 9 ਲੱਖ 35 ਹਜ਼ਾਰ ਲਗਾਏ ਗਏ ਹਨ।
CH01 CV 0005 ’ਤੇ 7 ਲੱਖ 7 ਹਜ਼ਾਰ ਤੱਕ ਦੀ ਬੋਲੀ ਲੱਗੀ ਹੈ। CH01 CV 0002 ਲਈ 5 ਲੱਖ 1000 ਰੁਪਏ, CH01 CV 0003 ਲਈ 4 ਲੱਖ 84 ਹਜ਼ਾਰ ਰੁਪਏ, CH01 CV 0006 ਲਈ 4 ਲੱਖ 29 ਹਜ਼ਾਰ, CH01 CV 0055 ਲਈ 2 ਲੱਖ 80 ਹਜ਼ਾਰ ਦੀ ਬੋਲੀ ਲੱਗੀ ਹੈ।
ਚੰਡੀਗੜ੍ਹ RTO ਵਿਭਾਗ ਨੇ 601 ਫੈਂਸੀ ਨੰਬਰਾਂ ਦੀ ਬੋਲੀ ਲਗਾਈ ਸੀ। ਜਿਸ ਤੋਂ ਚੰਡੀਗੜ੍ਹ ਦੀ ਅਥਾਰਿਟੀ ਨੂੰ 2 ਕਰੋੜ 40 ਲੱਖ ਦੀ ਕਮਾਈ ਹੋਈ ਹੈ। ਚੰਡੀਗੜ੍ਹ ਦੇ ਲੋਕਾਂ ਵਿੱਚ ਵੱਡੀਆਂ ਗੱਡੀਆਂ ਅਤੇ ਛੋਟੇ ਨੰਬਰਾਂ ਦਾ ਕਰੇਜ਼ ਹੈ, ਪ੍ਰਸ਼ਾਸਨ ਵੀ ਅਮੀਰ ਅਤੇ ਸ਼ੌਕੀਨ ਲੋਕਾਂ ਦੀ ਇਸ ਕਮਜ਼ੋਰੀ ਤੋਂ ਜਾਣੂ ਹੈ ਇਸੇ ਲਈ ਉਹ ਥੋੜੇ-ਥੋੜੇ ਸਮੇਂ ਬਾਅਦ ਗੱਡੀਆਂ ਦੇ ਨੰਬਰਾਂ ਦੀ ਇਸ ਤਰ੍ਹਾਂ ਬੋਲੀ ਲਗਾਉਂਦਾ ਹੈ।
ਕੁਝ ਸਾਲ ਪਹਿਲਾਂ ਸਭ ਤੋਂ ਮਹਿੰਗਾ ਇੱਕ ਨੰਬਰ 26 ਲੱਖ ਦਾ ਵਿਕਿਆ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੰਡੀਗੜ੍ਹ ਦੇ ਲੋਕ VIP ਨੰਬਰਾਂ ਦੇ ਕਿੰਨੇ ਸ਼ੌਕੀਨ ਹਨ।