ਬਿਉਰੋ ਰਿਪੋਰਟ: ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਤੇ ਕੌਂਸਲਰ ਅਹੁਦੇ ਦੇ ਉਮੀਦਵਾਰ ਰੁਪਿੰਦਰ ਸਿੰਘ ਉਰਫ਼ ਰੂਪੀ, ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ, ਪੁੱਤਰ ਤੇ ਯੂਥ ਕਾਂਗਰਸੀ ਆਗੂ ਰਣਜੋਤ ਸਿੰਘ ਉਰਫ਼ ਰੌਨੀ ਤੇ ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ’ਤੇ 2.30 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲੱਗਾ ਹੈ। ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਰੁਪਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਾਲਾਂਕਿ ਅਜੇ ਤੱਕ ਜਸਪਾਲ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਧੋਖਾਧੜੀ ਦੇ ਮਾਮਲੇ ਨੇ ਚੰਡੀਗੜ੍ਹ ਅਤੇ ਮੁਹਾਲੀ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਕਾਂਗਰਸ ਅੰਦਰ ਵੀ ਇਸ ਮਾਮਲੇ ਨੂੰ ਲੈ ਕੇ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਮਾਮਲੇ ਦੀ ਜਾਂਚ ਅਤੇ ਮੁਕੱਦਮੇ ਦੀ ਪ੍ਰਕਿਰਿਆ ਬਾਰੇ ਆਉਣ ਵਾਲੇ ਦਿਨਾਂ ਵਿੱਚ ਹੋਰ ਜਾਣਕਾਰੀ ਮਿਲਣ ਦੀ ਉਮੀਦ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
14 ਕਰੋੜ 28 ਲੱਖ ਰੁਪਏ ’ਚ ਹੋਇਆ ਸੀ ਸੌਦਾ
ਦਰਅਸਲ ਮੁਹਾਲੀ ਦੇ ਫੇਜ਼-8 ਸਥਿਤ ਪਲਾਟ ਨੰਬਰ ਡੀ-215 ਦੀ ਖਰੀਦੋ-ਫਰੋਖਤ਼ ਕੀਤੀ ਗਈ। ਸ਼ਿਕਾਇਤਕਰਤਾ ਸੌਰਭ ਗੋਇਲ ਵਾਸੀ ਸੈਕਟਰ 70, ਮੁਹਾਲੀ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਨਾਲ 14 ਕਰੋੜ 28 ਲੱਖ ਰੁਪਏ ਵਿੱਚ ਪਲਾਟ ਦਾ ਸੌਦਾ ਕੀਤਾ ਸੀ। ਇਸ ਸੌਦੇ ਤਹਿਤ ਪਹਿਲਾਂ 5 ਲੱਖ ਰੁਪਏ ਟੋਕਨ ਮਨੀ ਵਜੋਂ ਦਿੱਤੇ ਗਏ ਸਨ। ਇਸ ਤੋਂ ਬਾਅਦ 2 ਕਰੋੜ 30 ਲੱਖ ਰੁਪਏ ਕਈ ਕਿਸ਼ਤਾਂ ਵਿੱਚ ਦਿੱਤੇ ਗਏ। ਹਾਲਾਂਕਿ ਜਦੋਂ ਪਲਾਟ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਆਇਆ ਤਾਂ ਮੁਲਜ਼ਮਾਂ ਨੇ ਟਾਲ-ਮਟੋਲ ਕੀਤਾ ਤੇ ਰਜਿਸਟ੍ਰੇਸ਼ਨ ਕਰਵਾਉਣ ’ਚ ਅਸਫ਼ਲ ਰਹੇ।
ਇਸ ਦੇ ਉਲਟ ਮੁਲਜ਼ਮਾਂ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਨ੍ਹਾਂ ਨੇ ਸੌਰਭ ਗੋਇਲ ਨਾਲ ਕੋਈ ਸਮਝੌਤਾ ਨਹੀਂ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਇਹ ਬਿਆਨ ਝੂਠਾ ਸੀ ਅਤੇ ਸੌਰਭ ਗੋਇਲ ਦੇ ਦੋਸ਼ ਸਹੀ ਪਾਏ ਗਏ।
ਇਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਕੇਸ
ਮੁਹਾਲੀ ਪੁਲਿਸ ਨੇ ਰੁਪਿੰਦਰ ਸਿੰਘ, ਉਸ ਦੀ ਪਤਨੀ ਬਲਵਿੰਦਰ ਕੌਰ, ਪੁੱਤਰ ਰਣਜੋਤ ਸਿੰਘ ਅਤੇ ਪਿਤਾ ਜਸਪਾਲ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ), 406 (ਟਰੱਸਟ ਦਾ ਦੁਰਉਪਯੋਗ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਤਹਿਤ ਕੇਸ ਦਰਜ ਕੀਤਾ ਹੈ। ਰੁਪਿੰਦਰ ਸਿੰਘ ਤੇ ਉਸ ਦੀ ਪਤਨੀ ਨੂੰ ਪੁਲਿਸ ਨੇ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਮੁਹਾਲੀ ਫੇਜ਼-1 ਥਾਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।