ਬਿਉਰੋ ਰਿਪੋਰਟ : 18 ਜਨਵਰੀ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਹੋਣ ਵਾਲੀ ਚੋਣ ਇਸ ਵਾਰ ਸਭ ਤੋਂ ਦਿਲਚਸਪ ਹੋ ਗਈ ਹੈ । ਮਿੰਟ-ਮਿੰਟ ਵਿੱਚ ਸਿਆਸੀ ਗੇਮ ਬਦਲ ਰਹੀ ਹੈ । ਬੀਜੇਪੀ ਦੇ ਕੌਂਸਲਰ ਗੁਰਚਰਨਦਾਸ ਕਾਲਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਪਾਰਟੀ ਨੇ ਬੀਜੇਪੀ ਨਾਲ ਹਿਸਾਬ ਬਰਾਬਰ ਕਰ ਲਿਆ ਹੈ । 2 ਦਿਨ ਪਹਿਲਾਂ ਆਪ ਦੇ ਕੌਂਸਲਰ ਲਖਬੀਰ ਸਿੰਘ ਬਿੱਲੂ ਨੂੰ ਬੀਜੇਪੀ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ । ਮੁਹਾਲੀ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਨੇ ਗੁਰਚਰਨਦਾਸ ਨੂੰ ਆਪ ਵਿੱਚ ਸ਼ਾਮਲ ਕਰਵਾਇਆ ਹੈ। ਇਸ ਤੋਂ ਅੱਧੇ ਘੰਟੇ ਪਹਿਲਾਂ ਕੌਂਸਲਰ ਗੁਰਚਰਨਦਾਸ ਕਾਲਾ ਦੇ ਪੁੱਤਰ ਨੇ 31 ਸੈਕਟਰ ਥਾਣੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਕਿਡਨੈਪ ਕੀਤਾ ਗਿਆ ਹੋ ਸਕਦਾ ਹੈ ਉਨ੍ਹਾਂ ਦੀ ਤਲਾਸ਼ ਕੀਤੀ ਜਾਵੇ। ਉਧਰ ਆਪ ਵਿੱਚ ਸ਼ਾਮਲ ਹੋਏ ਗੁਰਚਰਨਦਾਸ ਕਾਲਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਮੈਂ ਮਰਜ਼ੀ ਨਾਲ ਆਪ ਵਿੱਚ ਸ਼ਾਮਲ ਹੋਇਆ ਹਾਂ ਮੇਰੇ ਪਰਿਵਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਹਾਲਾਂਕਿ ਮੇਅਰ ਚੋਣਾਂ ਵਿੱਚ ਹੁਣ ਵੀ ਅੰਕੜਿਆ ਦੇ ਹਿਸਾਬ ਨਾਲ ਬੀਜੇਪੀ ਦਾ ਪਲੜਾ ਭਾਰੀ ਲੱਗ ਰਿਹਾ ਹੈ ਕਿਉਂਕਿ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਨੇ ਮੇਅਰ ਦੇ ਅਹੁਦੇ ਲਈ ਨਾਮਜ਼ਦਗੀਆਂ ਦਾਖਲ ਕਰ ਦਿੱਤੀਆਂ ਹਨ । ਅਖੀਰਲੇ ਮੌਕੇ ਕੁਝ ਵੀ ਹੋ ਸਕਦਾ ਹੈ,ਚੰਡੀਗੜ੍ਹ ਦੇ ਸਾਬਕਾ ਐੱਮਪੀ ਪਵਨ ਬਾਂਸਲ ਅਤੇ ਆਪ ਦੇ ਕੌ-ਇੰਚਾਰਜ ਸੰਨੀ ਆਹਲੂਵਾਲੀਆਂ ਨੇ ਇਸ ਵੱਲ ਇਸ਼ਾਰਾ ਵੀ ਕਰ ਦਿੱਤਾ ਹੈ । ਪਵਨ ਬਾਂਸਲ ਨੇ ਕਿਹਾ ਗੱਲਬਾਤ ਜਾਰੀ ਹੈ,ਪਰ ਕਿਉਂਕਿ ਨਾਜ਼ਮਦਗੀ ਭਰਨ ਦਾ ਅਖੀਰਲਾ ਦਿਨ ਸੀ ਅਸੀਂ ਨਾਮਜ਼ਦਗੀ ਭਰ ਦਿੱਤੀ ਹੈ। 15 ਤਰੀਕ ਨੂੰ ਮੇਅਰ ਦੇ ਅਹੁਦੇ ਲਈ ਨਾਂ ਵਾਪਸ ਲੈਣ ਦੀ ਅਖੀਰਲੀ ਤਰੀਕ ਹੈ।
ਮੇਅਰ ਲਈ ਇਹ ਉਮੀਦਵਾਰ ਮੈਦਾਨ ਵਿੱਚ
ਕਾਂਗਰਸ ਨੇ ਮੇਅਰ ਅਹੁਦੇ ਦੇ ਲਈ ਜਸਬੀਰ ਸਿੰਘ ਬੰਟੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ । ਜਦਕਿ ਆਪ ਵੱਲੋਂ ਕੁਲਦੀਪ ਕੁਮਾਰ ਨੇ ਨਾਮਜ਼ਦਗੀ ਭਰੀ ਹੈ । BJP ਵੱਲੋਂ ਮਨੋਜ ਸੋਨਕਰ ਨੇ ਨਾਮਜ਼ਦਗੀ ਭਰੀ ਹੈ । ਗੁਰਚਰਨਦਾਸ ਕਾਲਾ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਚੰਡੀਗੜ੍ਹ ਨਗਰ ਨਿਗਮ ਵਿੱਚ ਆਪ ਦੀ ਗਿਣਤੀ 13 ਹੋ ਗਈ ਹੈ। ਕਾਂਗਰਸ ਦੇ 6 ਕੌਂਸਲਰ ਹਨ ਜੇਕਰ ਦੋਵੇ ਮਿਲ ਜਾਣ ਤਾਂ ਗਿਣਤੀ 19 ਹੋ ਜਾਂਦੀ ਹੈ ਜਿਸ ਤੋਂ ਬਾਅਦ ਅੰਕੜਿਆਂ ਦੀ ਬਾਜ਼ੀਗਰੀ ਵਿੱਚ ਬੀਜੇਪੀ ਪਿੱਛੇ ਰਹਿ ਜਾਵੇਗੀ । ਉਧਰ ਬੀਜੇਪੀ ਦੇ ਕੋਲ ਹੁਣ 14 ਕੌਂਸਲਰ ਹਨ ਐੱਮਪੀ ਕਿਰਨ ਖੇਰ ਦੇ ਵੋਟ ਨੂੰ ਮਿਲਾ ਕੇ ਇਹ ਗਿਣਤੀ 15 ਹੋ ਜਾਂਦੀ ਹੈ। 1 ਕੌਂਸਲਰ ਅਕਾਲੀ ਦਲ ਹੈ । ਪਰ ਚੰਡੀਗੜ੍ਹ ਨਿਗਮ ਦੇ ਮੇਅਰ ਦੀ ਚੋਣ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ ਤੋਂ ਜ਼ਿਆਦਾ ਚੋਣ ਵਾਲੇ ਬਣਾਈ ਗਈ ਰਣਨੀਤੀ ‘ਤੇ ਨਿਰਭਰ ਕਰਦੀ ਹੈ । ਉਸ ਦਿਨ ਜਿਹੜੀ ਪਾਰਟੀ ਬਿਹਤਰ ਰਣਨੀਤੀ ਨਾਲ ਆਏਗੀ ਉਸੇ ਦਾ ਹੀ ਮੇਅਰ ਬਣੇਗਾ। ਚੰਡੀਗੜ੍ਹ ਵਿੱਚ 1 ਕੌਂਸਲਰ ਵਾਲੀ ਪਾਰਟੀ ਨੇ ਵੀ ਆਪਣਾ ਮੇਅਰ ਬਣਾਇਆ ਹੋਇਆ ਹੈ।