Punjab

ਚੰਡੀਗੜ੍ਹ ਦੇ ਵਿਦਿਆਰਥੀ ਕਦੋਂ ਤੱਕ ਰਹਿਣਗੇ ਘਰ, ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਸਾਰੇ ਵਿੱਦਿਅਕ ਅਦਾਰੇ 31 ਮਈ ਤੱਕ ਬੰਦ ਰਹਿਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਸਰਕਾਰੀ ਸਕੂਲ 10 ਮਈ ਤੋਂ 8 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ। ਇਸ ਤੋਂ ਇਲਾਵਾ ਜਨਤਕ ਲਾਇਬ੍ਰੇਰੀਆਂ ਅਤੇ ਕੋਚਿੰਗ ਸੰਸਥਾਵਾਂ ਵੀ ਬੰਦ ਰਹਿਣਗੀਆਂ। ਹਾਲਾਂਕਿ, ਆਨਲਾਈਨ ਕੋਚਿੰਗ ਜਾਰੀ ਰਹਿ ਸਕਦੀ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕੈਂਡ ਕਰਫਿਊ ਲਾਉਣ ਦਾ ਵੀ ਐਲਾਨ ਕੀਤਾ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਨਵੇਂ ਹੁਕਮਾਂ ਮੁਤਾਬਕ ਵੀਕੈਂਡ ਕਰਫਿਊ ਸ਼ਨੀਵਾਰ ਭਾਵ ਕੱਲ੍ਹ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਗਰਭਵਤੀ ਔਰਤਾਂ ਜਾਂ ਮਰੀਜ਼ਾਂ ਨੂੰ ਮੈਡੀਕਲ ਸਹੂਲਤਾਂ ਮਿਲਦੀਆਂ ਰਹਿਣਗੀਆਂ। ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ, ਜਿਵੇਂ ਕਿ ਦੁੱਧ, ਬ੍ਰੈੱਡ, ਸਬਜ਼ੀਆਂ, ਫਲ, ਆਂਡੇ, ਮੀਟ, ਬੇਕਰੀ ਆਦਿ ਦੁਕਾਨਾਂ ਦੁਪਹਿਰ 2 ਵਜੇ ਤੱਕ ਸਿਰਫ ਹੋਮ ਡਿਲਿਵਰੀ ਕਰਨ ਲਈ ਹੀ ਖੁੱਲ੍ਹੀਆਂ ਰਹਿਣਗੀਆਂ।